ਪੰਨਾ:ਪਾਪ ਪੁੰਨ ਤੋਂ ਪਰੇ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਅਥਾਹ ਸੀਨੇ ਵਿਚ ਮਚਲ ਰਿਹਾ ਹੈ।

ਕ੍ਰਿਸ਼ਨ ਦੀ ਬੇਰੁਖੀ, ਲਾ-ਪਰਵਾਹੀ ਤੇ ਰੁੱਖਾਪਣ ਕਈ ਵਾਰੀ ਉਸ ਨੂੰ ਇਤਨਾ ਮਜਬੂਰ ਕਰ ਦਿੰਦਾ ਸੀ ਕਿ ਉਹ ਘਬਰਾ ਕੇ ਉਠ ਬੈਠਦੀ, ਸੋਚ ਦੀ, ਕਿਉਂ ਨਾ ਮੈਂ ਸਭ ਕੁਝ ਛਡ ਕੇ ਚਲੀ ਜਾਵਾਂ, ਜਿਧਰ ਨੂੰ ਮੇਰਾ ਮੂੰਹ ਉਠੇ, ਜਿਧਰ ਨੂੰ ਮੇਰੇ ਪੈਰ ਲੈ ਜਾਣ।' ਪਰ ਫੇਰ ਝੱਟ ਹੀ ਉਸ ਨੂੰ ਆਪਣੇ ਸਾਰੇ ਦ੍ਰਿੜ ਇਰਾਦੇ ਢੇਰੀ ਹੁੰਦੇ ਜਾਪਦੇ, 'ਦੁਨੀਆਂ ਨੂੰ ਕੀ ਮੂੰਹ ਦਸਾਂਗੀ, ਲੋਕਾਂ ਦੀਆਂ ਪੁਛਾਂ ਦਾ ਕੀ ਉਤਰ ਦੇਵਾਂਗੀ।' ਉਸ ਦੇ ਦਿਲ ਵਿਚੋਂ ਇਕ ਲਹਿਰ ਉਠਦੀ, 'ਜੇ ਕਦੀ ਮੈਂ ਆਪਣੇ ਘਰ ਜਾ ਸਕਦੀ-ਉਸ ਘਰ ਵਿਚ ਜਿਹੜਾ ਬਚਪਨ ਤੋਂ ਜਵਾਨੀ ਤੀਕ,ਉਸ ਆਪਣਾ ਸਮਝਿਆ ਸੀ, ਜਿਥੇ ਉਸ ਦਾ ਇਕ ਛੋਟਾ ਭਰਾ ਵੀ ਸੀ, ਇਕ ਨਿੱਕਾ ਜਿਹਾ ਫੁਲਝੜੀ ਦਾ ਟੁਕੜਾ ਜਿਸ ਨਾਲ ਸਾਰਾ ਘਰ ਚਾਨਣ ਸੀ। ਉਸ ਦੀਆਂ ਤੋਤਲੀਆਂ ਗਲਾਂ, ਹਾਸੇ, ਤੇ ਰੋਸੇ ਪਿਆਰ ਅਤੇ ਘਿਰਨਾ ਸਣੇ ਉਹ ਉਸ ਨੂੰ ਉਥੇ ਹੀ ਛਡ ਆਈ ਸੀ। ਫਿਰ ਉਸ ਦਾ ਪਿਤਾ, ਜਿਸ ਦੇ ਚਿਹਰੇ ਤੇ ਸਦਾ ਗੰਭੀਰਤਾ ਛਾਈ ਰਹਿੰਦੀ ਸੀ। ਪਤਾ ਨਹੀਂ ਕੀ ਸੋਚਦਾ ਰਹਿੰਦਾ ਸੀ ਉਹ! ਉਹ ਹਰ ਵੇਲੇ ਥਕਾਵਟ ਨਾਲ ਚੂਰ ਜਾਪਦਾ ਸੀ। ਉਸ ਦੇ ਵਾਲ ਵੀ ਕੰਨ-ਪਟੀਆਂ ਦੇ ਕੋਲੋਂ ਚਿਟੇ ਹੋਣੇ ਸ਼ੁਰੂ ਹੋ ਗਏ ਸਨ। ਕੀ ਉਹ ਉਸ ਘਰ ਵਿਚ ਮੁੜ ਕੇ ਫੇਰ ਜਾ ਸਕਦੀ ਸੀ? ਨਹੀਂ ਉਹ ਇਉਂ ਨਹੀਂ ਸੀ ਕਰ ਸਕਦੀ। ਉਹ ਇਕ ਹਿੰਦੂ ਇਸਤ੍ਰੀ ਸੀ ਤੇ ਆਪਣੇ ਪਤੀ ਦੇਵ ਦਾ ਘਰ ਤਿਆਗਣਾ ਉਸ ਲਈ ਮੌਤ ਬਰਾਬਰ ਸੀ। ਕ੍ਰਿਸ਼ਨ ਭਾਵੇਂ ਚੰਗਾ ਸੀ ਭਾਵੇਂ ਮੰਦਾ, ਉਸ ਦਾ ਆਪਣਾ ਸੀ। ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਸੋਚਦੀ ਆਖਰ ਉਹ ਕਰ ਸਕਦੀ ਸੀ ਤਾਂ ਕੀ? ਛੂਟ ਏਸ ਤੋਂ ਕਿ ਉਹ ਆਪਣੇ ਦਿਲ ਵਿਚ ਖਿੱਝ ਲਵੇ, ਆਪਣਿਆਂ ਕਰਮਾਂ ਨੂੰ

੪੩