ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਸਿਰਹਾਣੇ ਵਿਚ ਦੱਬੇ ਤੇ ਫਲਾਲੈਣ ਦੇ ਕੰਬਲ ਵਿਚ ਅੱਧੇ ਢੱਕੇ ਸਿਰ ਵੱਲ ਨਜ਼ਰ ਮਾਰੀ, ਤੇ ਮੈਨੂੰ ਉਸ ਉਤੇ ਸਚਮੁਚ ਅਫਸੋਸ ਹੋਇਆ, ਅਫ਼ਸੋਸ ਇਸ ਲਈ ਕਿ ਉਹ ਉਸ ਖੁਸ਼ੀ ਤੋਂ ਵਾਕਫ਼ ਨਹੀਂ ਸੀ ਤੇ ਮੇਰੇ ਨਾਲ ਉਸਨੂੰ ਨਹੀਂ ਸੀ ਵੰਡਾ ਰਿਹਾ, ਜਿਹੜੀ ਖੁਸ਼ੀ ਉਸ ਵੇਲੇ ਮੈਂ ਮਹਿਸੂਸ ਕਰ ਰਿਹਾ ਸਾਂ। ਸਾਡਾ ਭੂਮੀ-ਗੁਲਾਮ ਨੌਕਰ ਪਿਤਰੂਸ਼ਾ ਮੈਨੂੰ ਮੋਮਬੱਤੀ ਲੈ ਕੇ ਅੱਗੋਂ ਦੀ ਮਿਲਿਆ, ਤੇ ਹੋ ਸਕਦਾ ਸੀ ਕਪੜੇ ਲਾਹੁਣ ਵਿਚ ਮੇਰੀ ਸਹਾਇਤਾ ਕਰਦਾ, ਪਰ ਮੈਂ ਉਸਨੂੰ ਛੁੱਟੀ ਕਰ ਦਿਤੀ। ਉਸਦੇ ਉਨੀਂਦਰੇ ਚਿਹਰੇ ਤੇ ਬਿਖਰੇ ਵਾਲਾਂ ਉਤੇ ਮੈਨੂੰ ਤਰਸ ਆ ਗਿਆ। ਖੜਾਕ ਨਾ ਕਰਨ ਦੀ ਕੋਸ਼ਿਸ਼ ਕਰਦਿਆਂ, ਮੈਂ ਪੱਬਾਂ ਭਾਰ ਆਪਣੇ ਕਮਰੇ ਤੱਕ ਗਿਆ ਤੇ ਆਪਣੇ ਬਿਸਤਰੇ ਉਤੇ ਜਾ ਬੈਠਾ। ਪਰ ਨਹੀਂ, ਮੈਂ ਬਹੁਤ ਖੁਸ਼ੀ ਵਿਚ ਸਾਂ, ਮੈਂ ਸੌਂ ਹੀ ਨਹੀਂ ਸਾਂ ਸਕਦਾ। ਨਾਲੇ ਕਮਰੇ ਵਿਚ ਮੈਨੂੰ ਹੁੰਮਸ ਮਹਿਸੂਸ ਹੋ ਰਿਹਾ ਸੀ, ਸੋ ਮੈਂ ਬਿਨਾਂ ਕਪੜੇ ਬਦਲਿਆਂ, ਮਲਕੜੇ ਜਿਹੇ ਬਾਹਰਲੇ ਕਮਰੇ ਵਿਚ ਗਿਆ, ਆਪਣਾ ਓਵਰਕੋਟ ਪਾਇਆ, ਦਰਵਾਜ਼ਾ ਖੋਹਲਿਆ ਤੇ ਬਾਹਰ ਚਲਾ ਗਿਆ।

ਪੰਜ ਵੱਜੇ ਸੀ ਜਦੋਂ ਮੈਂ ਨਾਚ-ਪਾਰਟੀ ਤੋਂ ਆਇਆ ਸਾਂ; ਘਰ ਪਹੁੰਚਦਿਆਂ, ਘਰ ਜਾ ਕੇ ਬੈਠਿਆਂ ਦੋ ਘੰਟੇ ਹੋਰ ਬੀਤੇ ਗਏ, ਇਸ ਲਈ ਜਦੋਂ ਮੈਂ ਬਾਹਰ ਨਿਕਲਿਆ ਤਾਂ ਲੋਅ ਲੱਗ ਚੁੱਕੀ ਸੀ। ਬਿਲਕੁਲ ਸ਼ਰਵਟਾਈਡ ਵਾਲਾ ਮੌਸਮ ਸੀ—ਧੁੰਦ ਧੁੰਦ, ਸੜਕਾਂ ਉਤੇ ਪਿਘਲ ਰਹੀ ਗਿੱਲੀ ਬਰਫ ਤੇ ਛੱਤਾਂ ਤੋਂ ਡਿੱਗ ਰਹੇ ਪਾਣੀ ਦੇ ਤੁਪਕੇ। ਉਸ ਸਮੇਂ ਬ. ਪਰਿਵਾਰ ਸ਼ਹਿਰ ਦੇ ਬਾਹਰਵਾਰ ਇਕ ਖੁਲ੍ਹੇ ਮੈਦਾਨ ਦੇ ਕਿਨਾਰੇ ਰਹਿੰਦਾ ਸੀ, ਉਹਨਾਂ ਦੇ ਇਕ ਪਾਸੇ ਕੁੜੀਆਂ ਦਾ ਸਕੂਲ ਸੀ ਤੇ ਦੂਜੇ ਪਾਸੇ ਖੁਲ੍ਹੀ ਥਾਂ ਜਿਹੜੀ ਸੈਰਗਾਹ ਵਜੋਂ ਵਰਤੀ ਜਾਂਦੀ ਸੀ। ਮੈਂ ਆਪਣੀ ਸ਼ਾਂਤ ਛੋਟੀ ਜਿਹੀ ਗਲੀ ਪਾਰ ਕੀਤੀ ਤੇ ਮੁੱਖ ਬਾਜ਼ਾਰ ਵਿਚ ਆ ਗਿਆ, ਜਿਥੇ ਰਾਹ ਜਾਂਦੇ ਲੋਕ ਤੇ ਠੇਲ੍ਹਿਆਂ ਵਾਲੇ ਮੇਰੀ ਨਜ਼ਰੀਂ ਪਏ, ਜਿਨ੍ਹਾਂ ਨੇ ਸਲੈਂਜਾਂ ਉਤੇ ਲੱਕੜਾਂ ਲੱਦੀਆਂ ਹੋਈਆਂ ਸਨ, ਤੇ ਸਲੈਂਜਾਂ ਦੀਆਂ ਹੇਠਲੀਆਂ ਪੱਤਰੀਆਂ ਬਰਫ ਵਿਚ ਪਹੇ ਤੱਕ ਧਸਦੀਆਂ ਜਾ ਰਹੀਆਂ ਸਨ। ਤੇ ਆਪਣੇ ਚਮਕਦੇ ਹੋਏ ਜੂਲਿਆਂ ਵਿਚ ਆਪਣੇ ਸਿਰਾਂ ਨੂੰ ਤਾਲ ਵਿਚ ਹਿਲਾ ਰਹੇ ਘੋੜੇ, ਆਪਣੇ ਮੋਢਿਆਂ ਉਤੇ ਦਰਖਤ ਦੀ ਛਿੱਲ ਦੀਆਂ ਚਟਾਈਆਂ ਪਾਈ ਤੇ ਆਪਣੇ ਵੱਡੇ ਵੱਡੇ ਬੂਟਾਂ ਨਾਲ ਅੱਧ-ਪਿਘਲੀ ਬਰਫ ਵਿਚੋਂ ਲੰਘਦੇ ਹੋਏ ਆਪਣੀਆਂ ਸਲੈਂਜਾਂ ਦੇ ਨਾਲ ਨਾਲ ਜਾ ਰਹੇ ਠੇਲ੍ਹਿਆਂ ਵਾਲੇ ਤੇ ਧੁੰਦ ਵਿਚ ਲਪੇਟੇ ਹੋਏ ਸੜਕ ਦੇ ਦੋਵੇਂ ਪਾਸੇ ਉੱਚੇ ਘਰ—ਸਭ ਕੁਝ ਮੈਨੂੰ ਖਾਸ ਕਰਕੇ ਪਿਆਰਾ ਤੇ ਮਹਤੱਵਪੂਰਨ ਲਗ ਰਿਹਾ ਸੀ।

ਜਦੋਂ ਮੈਂ ਉਸ ਮੈਦਾਨ ਕੋਲ ਪੁੱਜਾ ਜਿਥੇ ਉਹਨਾਂ ਦਾ ਘਰ ਸੀ, ਤਾਂ ਸੈਰਗਾਹ ਵਾਲੇ ਪਾਸੇ ਮੈਨੂੰ ਕੁਝ ਬਹੁਤ ਵੱਡਾ ਤੇ ਕਾਲਾ ਦਿਖਾਈ ਦਿੱਤਾ, ਤੇ ਮੈਨੂੰ ਇਕ ਬੀਨ ਤੇ ਢੋਲ ਦੀ ਆਵਾਜ਼ ਸੁਣਾਈ ਦਿੱਤੀ। ਮੇਰਾ ਦਿਲ ਇਹ ਸਾਰਾ ਸਮਾਂ ਗਾਉਂਦਾ ਰਿਹਾ ਸੀ, ਤੇ ਕਦੀ ਕਦੀ ਮਾਜ਼ੂਰਕਾ ਦੀਆਂ ਧੁਨਾਂ ਮੇਰੇ ਦਿਮਾਗ ਵਿਚ ਆ ਜਾਂਦੀਆਂ ਸਨ। ਪਰ ਇਹ ਸੰਗੀਤ ਤਾਂ ਵਖਰੀ ਤਰ੍ਹਾਂ ਦਾ ਸੀ—ਕੁਰੱਖਤ ਤੇ ਅਣਭਾਉਂਦਾ।

"ਇਹ ਕੀ ਹੋ ਸਕਦਾ ਹੈ?" ਮੈਂ ਸੋਚਣ ਲੱਗਾ, ਤੇ ਮੈਦਾਨ ਦੇ ਵਿਚੋਂ ਦੀ

69