ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਇਹ ਸਫ਼ਾ ਪ੍ਰਮਾਣਿਤ ਹੈ

ਜਰਮਨ ਕੁੜੀ ਨਾਲ ਨੱਚਿਆ, ਜਿਸ ਨਾਲ ਮੇਰੇ ਕਦੀ ਸੰਬੰਧ ਰਹੇ ਸਨ। ਪਰ ਮੈਨੂੰ ਡਰ ਏ ਕਿ ਮੈਂ ਉਸ ਸ਼ਾਮ ਉਸ ਵਲੋਂ ਬਹੁਤ ਬੇਧਿਆਨਾ ਰਿਹਾ। ਮੈਂ ਉਸ ਨਾਲ ਗੱਲਬਾਤ ਨਾ ਕੀਤੀ, ਨਾ ਹੀ ਉਸ ਵੱਲ ਦੇਖਿਆ, ਕਿਉਂਕਿ ਮੇਰੀਆਂ ਅੱਖਾਂ ਤਾਂ ਹੋਰ ਕਿਸੇ ਨੂੰ ਨਹੀਂ ਸਨ ਦੇਖ ਰਹੀਆਂ ਸਿਵਾਏ ਉਸ ਉੱਚੀ ਲੰਮੀ, ਪਤਲੀ ਕੁੜੀ ਦੇ, ਜਿਸਨੇ ਚਿੱਟੇ ਕਪੜੇ ਪਾਏ ਹੋਏ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਜਿਸ ਕੁੜੀ ਦਾ ਉੱਜਲਾ, ਭਖਦਾ ਚਿਹਰਾ ਸੀ ਤੇ ਗਲ੍ਹਾਂ ਵਿਚ ਟੋਏ ਪੈਂਦੇ ਸਨ ਤੇ ਜਿਸਦੀਆਂ ਅੱਖਾਂ ਪਿਆਰੀਆਂ ਤੇ ਦਿਲ ਮੋਹ ਲੈਣ ਵਾਲੀਆਂ ਸਨ। ਇਕੱਲਾ ਮੈਂ ਹੀ ਨਹੀਂ, ਸਾਰੇ ਹੀ ਉਸ ਵੱਲ ਦੇਖ ਰਹੇ ਤੇ ਉਸਦੀ ਪ੍ਰਸੰਸਾ ਕਰ ਰਹੇ ਸਨ, ਇਥੋਂ ਤਕ ਕਿ ਔਰਤਾਂ ਵੀ, ਕਿਉਂਕਿ ਉਹ ਸਭ ਨੂੰ ਮਾਤ ਪਾ ਰਹੀ ਸੀ। ਉਸਦੀ ਪ੍ਰਸੰਸਾ ਨਾ ਕਰਨਾ ਅਸੰਭਵ ਸੀ।

"ਨਿਯਮ ਅਨੁਸਾਰ, ਜੇ ਕਿਹਾ ਜਾ ਸਕੇ ਤਾਂ, ਮੈਂ ਮਾਜ਼ੂਰਕਾ ਵੇਲੇ ਉਸਦਾ ਸਾਥੀ ਨਹੀਂ ਸਾਂ, ਪਰ ਅਸਲ ਵਿਚ ਮੈਂ ਲਗਭਗ ਸਾਰਾ ਸਮਾਂ ਉਸੇ ਨਾਲ ਹੀ ਨੱਚਦਾ ਰਿਹਾ। ਜ਼ਰਾ ਵੀ ਘਬਰਾਹਟ ਤੋਂ ਬਿਨਾਂ ਉਹ ਨੱਚਦੀ ਹੋਈ ਸਾਰਾ ਨਾਚ-ਕਮਰਾ ਚੱਲ ਕੇ ਸਿੱਧੀ ਮੇਰੇ ਤੱਕ ਆਈ, ਤੇ ਜਦੋਂ ਮੈਂ, ਬਿਨਾਂ ਸੱਦੇ ਦੀ ਉਡੀਕ ਕੀਤਿਆਂ, ਛਾਲ ਮਾਰ ਕੇ ਉਸ ਤੱਕ ਪੁੱਜ ਗਿਆ ਤਾਂ ਉਹ ਧੰਨਵਾਦ ਵਜੋਂ ਮੁਸਕ੍ਰਾਈ ਕਿ ਮੈਂ ਉਸਦੀ ਇੱਛਾ ਦਾ ਠੀਕ ਅੰਦਾਜ਼ਾ ਲਾਇਆ ਸੀ। ਜਦੋਂ ਅਸੀਂ ਉਸ ਤੱਕ ਪੁੱਜਦੇ, ਤੇ ਉਹ ਮੇਰੇ ਬਾਰੇ ਠੀਕ ਤਰ੍ਹਾਂ ਅੰਦਾਜ਼ਾ ਨਾ ਲਾ ਸਕਦੀ, ਤਾਂ ਉਹ ਕਿਸੇ ਹੋਰ ਵੱਲ ਹੱਥ ਵਧਾਉਂਦੀ ਹੋਈ ਆਪਣੇ ਪਤਲੇ ਜਿਹੇ ਮੋਢੇ ਜ਼ਰਾ ਕੁ ਸੁੰਗੇੜਦੀ ਤੇ ਮੇਰੇ ਵੱਲ ਅਫ਼ਸੋਸ ਤੇ ਤਸੱਲੀ ਦੀ ਮਾੜੀ ਜਿਹੀ ਮੁਸਕਾਣ ਸੁੱਟਦੀ।

ਤੇ ਜਦੋਂ ਮਾਜ਼ੂਰਕਾ ਦੇ ਕਦਮ ਵਾਲਟਜ਼ ਵਿਚ ਬਦਲ ਗਏ, ਤਾਂ ਮੈਂ ਬਹੁਤ ਦੇਰ ਤੱਕ ਉਸ ਨਾਲ ਵਾਲਟਜ਼ ਨੱਚਦਾ ਰਿਹਾ, ਤੇ ਉਹ ਸਾਹੋਸਾਹੀ ਹੋਈ ਮੁਸਕ੍ਰਾਉਂਦੀ ਰਹੀ ਤੇ ਮੈਂ ਉਸ ਨਾਲ ਵਾਲਟਜ਼ ਨੱਚੀ ਗਿਆ। ਇਸ ਤਰ੍ਹਾਂ ਕਿ ਆਪਣੇ ਸਰੀਰ ਨੂੰ ਬਿਲਕੁਲ ਮਹਿਸੂਸ ਤੱਕ ਨਹੀਂ ਸਾਂ ਕਰ ਰਿਹਾ।"

"ਲੈ, ਇਹ ਕਿੱਦਾਂ ਹੋ ਸਕਦੈ ਕਿ ਮਹਿਸੂਸ ਨਹੀਂ ਸਾਂ ਕਰ ਰਿਹਾ, ਮੇਰਾ ਖਿਆਲ ਹੈ ਕਿ ਤੁਸੀਂ ਬਹੁਤ ਮਹਿਸੂਸ ਕਰ ਰਹੇ ਸੋ, ਜਦੋਂ ਤੁਹਾਡੀ ਬਾਂਹ ਉਸਦੀ ਕਮਰ ਦੁਆਲੇ ਸੀ-ਮਹਿਸੂਸ ਕਰ ਰਹੇ ਸੋ, ਨਾ ਸਿਰਫ ਆਪਣਾ ਸ਼ਰੀਰ ਸਗੋਂ ਉਸਦਾ ਵੀ," ਪਰਾਹੁਣਿਆਂ ਵਿਚੋਂ ਇਕ ਬੋਲਿਆ।

ਈਵਾਨ ਵਾਈਲੀਏਵਿਚ ਇਕਦਮ ਲਾਲ ਸੂਹਾ ਹੋ ਗਿਆ ਤੇ ਨਾਰਾਜ਼ ਹੁੰਦਾ ਹੋਇਆ ਲਗਭਗ ਚਿੱਲਾਇਆ:

"ਇਹ ਗੱਲ ਤੁਹਾਡੇ ਬਾਰੇ ਠੀਕ ਏ, ਅੱਜ ਦੇ ਨੌਜਵਾਨਾਂ ਬਾਰੇ। ਸਰੀਰ ਤੋਂ ਛੁੱਟ ਤੁਹਾਨੂੰ ਹੋਰ ਕੁਝ ਦਿਸਦਾ ਹੀ ਨਹੀਂ। ਸਾਡੇ ਵੇਲੇ ਇੰਝ ਨਹੀਂ ਸੀ ਹੁੰਦਾ। ਮੇਰਾ ਖਿਆਲ ਜਿੰਨਾ ਜ਼ਿਆਦਾ ਜ਼ੋਰ ਫੜਦਾ ਜਾਂਦਾ ਸੀ, ਉਹ ਮੇਰੇ ਲਈ ਓਨੀ ਹੀ ਜ਼ਿਆਦਾ ਨਿਰ-ਸਰੀਰ ਹੁੰਦੀ ਜਾਂਦੀ। ਤੁਸੀਂ ਹੁਣ ਉਹਨਾਂ ਦੀਆਂ ਲੱਤਾਂ ਦੇਖਦੇ ਹੋ, ਗਿੱਟੇ ਦੇਖਦੇ

64