ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਉਤੇ ਬਣੀ ਹੋਈ ਕੋਠੜੀ ਵਿਚ ਗਿਆ ਤੇ ਪਾਦਰੀ ਸੇਰਗਈ ਇਕੱਲਾ ਰਹਿ ਗਿਆ।

ਉਹ ਸਮਾਂ ਕਦੋਂ ਦਾ ਬੀਤ ਚੁੱਕਿਆ ਸੀ, ਜਦੋਂ ਪਾਦਰੀ ਸੇਰਗਈ ਇਕੱਲਾ ਰਹਿੰਦਾ ਸੀ, ਖੁਦ ਹੀ ਆਪਣੀ ਦੇਖ-ਭਾਲ ਕਰਦਾ ਸੀ ਤੇ ਕੇਵਲ ਡਬਲਰੋਟੀ ਤੇ ਡਬਲਰੋਟੀ ਦਾ ਪ੍ਰਸ਼ਾਦ ਹੀ ਖਾਂਦਾ ਸੀ। ਬਹੁਤ ਦੇਰ ਪਹਿਲਾਂ ਹੀ ਉਸਨੂੰ ਪ੍ਰਤੱਖ ਪ੍ਰਮਾਣਾਂ ਨਾਲ ਇਹ ਸਪਸ਼ਟ ਕਰ ਦਿਤਾ ਗਿਆ ਸੀ ਕਿ ਉਸਨੂੰ ਆਪਣੀ ਸਿਹਤ ਵਲੋਂ ਅਣਗਹਿਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹ ਉਸਨੂੰ ਵੈਸ਼ਨੋਂ ਪਰ ਪੌਸ਼ਟਿਕ ਖੁਰਾਕ ਖੁਆਉਂਦੇ ਸਨ। ਉਹ ਘੱਟ, ਪਰ ਪਹਿਲੇ ਤੋਂ ਕਿਤੇ ਜ਼ਿਆਦਾ ਤੇ ਅਕਸਰ ਬੜੇ ਮਜ਼ੇ ਨਾਲ ਖਾਂਦਾ, ਜਦ ਕਿ ਪਹਿਲਾਂ ਘ੍ਰਿਣਾ ਨਾਲ ਤੇ ਪਾਪ ਸਮਝਦੇ ਹੋਏ ਐਸਾ ਕਰਦਾ ਸੀ। ਇਸ ਸਮੇਂ ਵੀ ਇਸ ਤਰ੍ਹਾਂ ਹੀ ਹੋਇਆ। ਉਸਨੇ ਦਲੀਆ ਖਾਧਾ, ਚਾਹ ਦਾ ਪਿਆਲਾ ਪੀਤਾ ਤੇ ਅੱਧੀ ਚਿੱਟੀ ਡਬਲ ਰੋਟੀ ਖਾ ਲਈ।

ਪ੍ਰਚਾਰਕ ਚਲਾ ਗਿਆ ਤੇ ਪਾਦਰੀ ਸੇਰਗਈ ਐਲਮ ਦਰਖ਼ਤ ਦੇ ਥੱਲੇ ਇਕੱਲਾ ਹੀ ਬੈਠਾ ਰਹਿ ਗਿਆ।

ਮਈ ਮਹੀਨੇ ਦੀ ਬਹੁਤ ਹੀ ਸੁਹਾਵਣੀ ਸ਼ਾਮ ਸੀ, ਭੋਜ, ਐਸਪਨ, ਐਲਮ, ਬਰਡਚੈਰੀ ਤੇ ਬਲੂਤ ਦੇ ਦਰਖਤਾਂ ਦੀਆਂ ਕਰੂੰਬਲਾਂ ਨਿਕਲੀਆਂ ਹੀ ਸਨ। ਐਲਮ ਦੇ ਪਿਛੋਂ ਬਰਡ-ਚੈਰੀ ਦੀਆਂ ਝਾੜੀਆਂ ਖ਼ੂਬ ਜੋਬਨ ਉਤੇ ਸਨ। ਬੁਲਬੁਲਾਂ, ਇਕ ਤਾਂ ਬਿਲਕੁਲ ਕੋਲ ਹੀ ਸੀ, ਅਤੇ ਦੋ ਜਾਂ ਤਿੰਨ ਥੱਲੇ, ਨਦੀ ਦੇ ਕੋਲ ਆਪਣੇ ਗੀਤ ਗਾ ਰਹੀਆਂ ਸਨ, ਦੂਰ ਨਦੀ ਵਲੋਂ ਗਾਣੇ ਦੀ ਆਵਾਜ਼ ਆ ਰਹੀ ਸੀ, ਸ਼ਾਇਦ ਕੰਮ ਤੋਂ ਵਾਪਸ ਆਉਂਦੇ ਹੋਏ ਮਜ਼ਦੂਰ ਗਾ ਰਹੇ ਸਨ। ਸੂਰਜ ਜੰਗਲ ਪਿਛੇ ਜਾ ਚੁਕਾ ਸੀ ਅਤੇ ਉਸ ਦੀਆਂ ਟੇਢੀਆਂ ਕਿਰਨਾਂ ਹਰਿਆਲੀ ਉਤੇ ਵਿਛੀਆਂ ਹੋਈਆਂ ਸਨ। ਇਹ ਪਾਸਾ ਪੂਰੀ ਤਰ੍ਹਾਂ ਰੌਸ਼ਨ ਸੀ ਤੇ ਦੂਸਰਾ ਐਲਮ ਵਾਲਾ, ਅਨ੍ਹੇਰਾ ਸੀ। ਗੁਬਰੈਲੇ ਉੱਡਦੇ ਸਨ, ਖੰਭ ਫੜਫੜਾਉਂਦੇ ਸਨ ਅਤੇ ਹੇਠਾਂ ਡਿੱਗ ਪੈਂਦੇ ਸਨ।

ਸ਼ਾਮ ਦੇ ਭੋਜਨ ਤੋਂ ਪਿਛੋਂ ਪਾਦਰੀ ਸੇਰਗਈ ਮਨ ਹੀ ਮਨ ਵਿਚ ਪ੍ਰਾਰਥਨਾ ਕਰਨ ਲਗਾ, "ਪ੍ਰਮਾਤਮਾ ਦੇ ਬੇਟੇ, ਈਸਾ-ਮਸੀਹ, ਸਾਡੇ 'ਤੇ ਦਯਾ ਕਰੋ।" ਇਸ ਤੋਂ ਪਿਛੋਂ ਉਹ ਭਜਨ ਗਾਉਣ ਲਗਾ ਤੇ ਇਸ ਸਮੇਂ ਇਕ ਚਿੜੀ ਝਾੜੀਆਂ ਵਿਚੋਂ ਉੱਡਕੇ ਜ਼ਮੀਨ ਉਤੇ ਆ ਬੈਠੀ, ਚਹਿਕਦੀ ਤੇ ਫੁਦਕਦੀ ਹੋਈ ਉਸਦੇ ਕੋਲ ਆਈ. ਕਿਸੇ ਕਾਰਨ ਡਰੀ ਤੇ ਉੱਡ ਗਈ। ਪਾਦਰੀ ਸੇਰਗਈ ਆਪਣੇ ਸੰਸਾਰ-ਤਿਆਗ ਦੇ ਬਾਰੇ ਪ੍ਰਾਰਥਨਾ ਕਰ ਰਿਹਾ ਸੀ ਤੇ ਇਸਨੂੰ ਜਲਦੀ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਤਾਂ ਕਿ ਬਿਮਾਰ ਲੜਕੀ ਵਾਲੇ ਵਪਾਰੀ ਨੂੰ ਬੁਲਵਾ ਭੇਜੇ। ਉਸਨੂੰ ਇਸ ਲੜਕੀ ਵਿਚ ਦਿਲਚਸਪੀ ਮਹਿਸੂਸ ਹੋ ਰਹੀ ਸੀ। ਉਸਨੂੰ ਇਸ ਲਈ ਦਿਲਚਸਪੀ ਮਹਿਸੂਸ ਹੋ ਰਹੀ ਸੀ ਕਿ ਉਹ ਧਿਆਨ ਲਾਂਭੇ ਪਾਉਣ ਵਾਲੀ, ਕੋਈ ਨਵਾਂ ਜੀਵ ਸੀ ਕਿ ਉਹ ਤੇ ਉਸਦਾ ਬਾਪ ਉਸਨੂੰ ਇਕ ਐਸਾ ਪਹੁੰਚਿਆ ਹੋਇਆ ਮਹਾਤਮਾ ਮੰਨਦੇ ਸਨ, ਜਿਸਦੀ ਪ੍ਰਾਰਥਨਾ ਪ੍ਰਮਾਤਮਾ ਦੇ ਦਰਬਾਰ ਵਿਚ ਮੰਨ ਲਈ ਜਾਂਦੀ ਹੈ। ਉਹ ਖੁਦ ਇਸ ਤੋਂ ਇਨਕਾਰ ਕਰਦਾ ਸੀ, ਪਰ

44