ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਇਹ ਸਫ਼ਾ ਪ੍ਰਮਾਣਿਤ ਹੈ

ਕੀ ਹੋ ਗਿਐ, " ਉਸ ਨੇ ਦਰਦ ਭਰੀ ਆਵਾਜ਼ ਵਿਚ ਕਿਹਾ। "ਓਹ! ਓਹ! ਬਿਸਤਰੇ ਉਤੇ ਡਿਗਦਿਆਂ, ਉਹ ਕੁਰਲਾ ਉਠੀ। ਇਹ ਅਜੀਬ ਜਿਹੀ ਗੱਲ ਹੋ ਸਕਦੀ ਹੈ, ਪਰ ਉਸਨੂੰ ਸਚਮੁਚ ਹੀ ਲਗਾ ਕਿ ਉਹ ਬਿਮਾਰ ਹੈ, ਬਹੁਤ ਬਿਮਾਰ ਹੈ, ਉਸਦੇ ਅੰਗ ਅੰਗ ਵਿਚ ਦਰਦ ਹੈ, ਜਿਵੇਂ ਕਿ ਉਹ ਤੇਜ਼ ਬੁਖਾਰ ਨਾਲ ਕੰਬ ਰਹੀ ਹੋਵੇ।

"ਸੁਣੋ ਤਾਂ ਮੇਰੀ ਮਦਦ ਕਰੋ। ਪਤਾ ਨਹੀਂ ਮੈਨੂੰ ਕੀ ਹੋ ਰਿਹੈ। ਓਹ! ਓਹ! ਉਸਨੇ ਫਰਾਕ ਦੇ ਬਟਨ ਖੋਲ੍ਹਕੇ ਛਾਤੀ ਨੰਗੀ ਕਰ ਲਈ ਤੇ ਅਰਕਾਂ ਤਕ ਆਪਣੀਆਂ ਨੰਗੀਆਂ ਬਾਹਾਂ ਫੈਲਾ ਦਿਤੀਆਂ। 'ਓਹ! ਓਹ!

ਪਾਦਰੀ ਸੇਰਗਈ ਇਸ ਸਾਰੇ ਸਮੇਂ ਦੇ ਦੌਰਾਨ ਪਿਛਲੀ ਕੋਠੜੀ ਵਿਚ ਖੜੋਤਾ ਪ੍ਰਾਰਥਨਾ ਕਰਦਾ ਰਿਹਾ ਸੀ। ਸ਼ਾਮ ਦੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਪਾਠ ਕਰਨ ਪਿਛੋਂ ਹੁਣ ਉਹ ਨੱਕ ਦੇ ਸਿਰੇ ਉਤੇ ਨਜ਼ਰ ਟਿਕਾਈ ਬੁੱਤ ਬਣਿਆ ਹੋਇਆ ਖੜੋਤਾ ਸੀ ਤੇ ਮਨ ਹੀ ਮਨ ਵਿਚ ਦੁਹਰਾ ਰਿਹਾ ਸੀ: “ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੀ ਮਦਦ ਕਰੋ।

ਪਰ ਉਸਨੇ ਸੁਣਿਆ ਸਭ ਕੁਝ ਸੀ। ਜਦੋਂ ਇਸ ਔਰਤ ਨੇ ਆਪਣਾ ਫ਼ਰਾਕ ਉਤਾਰਿਆ ਸੀ, ਤਾਂ ਉਸਨੂੰ ਰੇਸ਼ਮੀ ਕਪੜੇ ਦੀ ਸਰਸਰਾਹਟ ਸੁਣਾਈ ਦਿਤੀ ਸੀ, ਫਰਸ਼ ਉਤੇ ਨੰਗੇ ਪੈਰਾਂ ਦੀ ਆਹਟ ਤੇ ਹੱਥਾਂ ਨੂੰ ਲੱਤਾਂ ਉਤੇ ਫੇਰਨ ਦੀ ਆਵਾਜ਼ ਵੀ ਉਸਨੂੰ ਸੁਣਾਈ ਦਿਤੀ ਸੀ। ਉਸਨੇ ਮਹਿਸੂਸ ਕੀਤਾ ਸੀ ਕਿ ਉਹ ਦੁਰਬਲ ਹੈ, ਕਿਸੇ ਵੀ ਘੜੀ ਉਸਦਾ ਪਤਨ ਹੋ ਸਕਦਾ ਹੈ ਤੇ ਇਸੇ ਲਈ ਉਹ ਲਗਾਤਾਰ ਪ੍ਰਾਰਥਨਾ ਕਰਦਾ ਜਾ ਰਿਹਾ ਸੀ। ਉਸਨੂੰ ਲੋਕ-ਕਥਾ ਦੇ ਉਸ ਨਾਇਕ ਵਰਗਾ ਅਹਿਸਾਸ ਹੋ ਰਿਹਾ ਸੀ, ਜਿਸ ਲਈ ਮੁੜ ਕੇ ਵੇਖੇ ਬਗੈਰ ਹੀ ਅੱਗੇ ਵਧਦੇ ਜਾਣਾ ਜ਼ਰੂਰੀ ਸੀ। ਸੇਰਗਈ ਵੀ ਇਹ ਸਮਝ ਰਿਹਾ ਸੀ, ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦੇ ਆਲੇ ਦੁਆਲੇ, ਉਸਦੇ ਉਪਰ ਖਤਰਾ ਮੰਡਰਾ ਰਿਹਾ ਹੈ ਉਸਦਾ ਪਤਨ ਹੋ ਸਕਦਾ ਹੈ ਤੇ ਬਚਣ ਦੀ ਸਿਰਫ ਇਕ ਹੀ ਸੂਰਤ ਹੈ-ਉਸ ਵਲ ਬਿਲਕੁਲ ਨਾ ਵੇਖਿਆ ਜਾਏ। ਪਰ ਅਚਾਨਕ ਹੀ ਉਸਨੂੰ ਵੇਖਣ ਦੀ ਇੱਛਾ ਬੜੀ ਹੀ ਤੀਬਰ ਹੋ ਉਠੀ। ਇਸੇ ਘੜੀ ਉਸ ਔਰਤ ਨੇ ਕਿਹਾ,

“ਇਹ ਤਾਂ ਬੜੀ ਨਿਰਦੈਤਾ ਹੈ। ਮੇਰੀ ਤਾਂ ਜਾਨ ਵੀ ਨਿਕਲ ਸਕਦੀ ਏ।

'ਹਾਂ, ਮੈਂ ਜਾਵਾਂਗਾ ਉਸ ਕੋਲ, ਪਰ ਉਸ ਪਾਦਰੀ ਦੀ ਤਰ੍ਹਾਂ ਹੀ ਜਿਸਨੇ ਆਪਣਾ ਇਕ ਹੱਥ ਵਿਭਚਾਰਨ ਉਤੇ ਰਖਿਆ ਸੀ ਤੇ ਦੂਸਰਾ ਅਗਨੀਕੁੰਡ ਵਿਚ ਪਾ ਦਿਤਾ ਸੀ। ਪਰ ਅਗਨੀਕੁੰਡ ਤਾਂ ਇਥੇ ਹੈ ਨਹੀਂ। ਉਸਨੇ ਏਧਰ ਉਧਰ ਨਜ਼ਰ ਫੇਰੀ ਹਾਂ, ਦੀਵਾ ਹੈ। ਉਸਨੇ ਦੀਵੇ ਦੀ ਲੋਅ ਉਤੇ ਆਪਣੀ ਉਂਗਲੀ ਧਰ ਦਿਤੀ ਅਤੇ ਨੱਕਮੂੰਹ ਸੁਕੇੜ ਕੇ ਦਰਦ ਸਹਿਣ ਲਈ ਤਿਆਰ ਹੋ ਗਿਆ। ਕਾਫੀ ਦੇਰ ਤਕ ਉਸਨੂੰ ਪੀੜ ਦਾ ਕੋਈ ਅਹਿਸਾਸ ਨਾ ਹੋਇਆ, ਪਰ ਅਚਾਨਕ ਉਹ ਇਹ ਨਾ ਤੈਅ ਕਰ ਸਕਿਆ ਕਿ ਉਸਨੂੰ ਦਰਦ ਹੋ ਰਹੀ ਹੈ ਕਿ ਨਹੀਂ ਤੇ ਜੇ ਹੋ ਰਹੀ ਹੈ, ਤਾਂ ਕਿੰਨੀ ਕੁ-ਉਸਨੇ ਬੁਰੀ

31