ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਮੋਹਰ ਅੰਕਿਤ ਹੋ ਕੇ ਰਹਿ ਗਈ ਸੀ। ਉਸਦੇ ਦਿਲ ਵਿਚ ਪਿਅਰ ਦੀ ਲਹਿਰ ਦੌੜ ਗਈ ਸੀ, ਮੈਨੂੰ ਹਾਸਲ ਕਰਨ ਦੀ ਇੱਛਾ ਪੈਦਾ ਹੋ ਗਈ ਸੀ। ਹਾਂ, ਮੈਨੂੰ ਹਾਸਲ ਕਰਨ ਦੀ ਇੱਛਾ, "ਉਸਨੇ ਆਖਿਰ ਜੁੱਤੀ ਲਾਹ ਕੇ ਆਪਣੇ ਆਪ ਨੂੰ ਕਿਹਾ। ਹੁਣ ਉਹ ਆਪਣੀਆਂ ਜੁਰਾਬਾਂ ਲਾਹੁਣੀਆਂ ਚਾਹੁੰਦੀ ਸੀ। ਪਰ ਗੈਟਸ ਨਾਲ ਕੱਸੀਆਂ ਹੋਈਆਂ ਲੰਮੀਆਂ ਜਰਾਬਾਂ ਨੂੰ ਲਾਹੁਣ ਲਈ ਸਰਕਟ ਨੂੰ ਉਪਰ ਕਰਨਾ ਜ਼ਰੂਰੀ ਸੀ। ਉਸਨੂੰ ਇਸ ਤਰ੍ਹਾਂ ਕਰਦਿਆ ਸ਼ਰਮ ਮਹਿਸੂਸ ਹੋਈ ਤੇ ਉਹ ਕਹਿ ਉਠੀ-

"ਏਧਰ ਨਾ ਆਉਣਾ।"

ਕੰਧ ਦੇ ਪਿਛੋਂ ਕੋਈ ਜਵਾਬ ਨਾ ਮਿਲਿਆ। ਇਕੋ ਹੀ ਕਿਸਮ ਦੀ ਬੁੜਬੁੜ ਤੇ ਹਿਲਣ-ਜੁਲਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। "ਸ਼ਾਇਦ ਉਹ ਜ਼ਮੀਨ ਉਤੇ ਮੱਥਾ ਟੇਕ ਰਿਹਾ ਹੈ, "ਉਸਨੇ ਸੋਚਿਆ। ਪਰ ਕੁਝ ਨਹੀਂ ਹੋਵੇਗਾ ਮੱਥੇ ਰਗੜਨ ਨਾਲ, "ਉਹ ਆਪਣੇ ਆਪ ਨੂੰ ਕਹਿੰਦੀ ਗਈ। "ਉਹ ਮੇਰੇ ਬਾਰੇ ਸੋਚ ਰਿਹਾ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਉਸ ਦੇ ਬਾਰੇ। ਵੈਸੀ ਹੀ ਭਾਵਨਾ ਨਾਲ ਉਹ ਇਹਨਾਂ ਟੰਗਾਂ ਬਾਰੇ ਸੋਚ ਰਿਹਾ ਹੈ, "ਗਿੱਲੀਆਂ ਜੁਰਾਬਾਂ ਨੂੰ ਲਾਹਕੇ ਨੰਗੇ ਪੈਰਾਂ ਨੂੰ ਬਿਸਤਰੇ ਉਤੇ ਰਖਦਿਆਂ ਤੇ ਫਿਰ ਉਹਨਾਂ ਨੂੰ ਆਪਣੇ ਹੇਠਾਂ ਦਬਾਉਂਦਿਆਂ ਹੋਇਆ ਉਸਨੇ ਖੁਦ ਨੂੰ ਕਿਹਾ। ਗੋਡਿਆਂ ਦੁਆਲੇ ਬਾਹਾਂ ਵਲੀ ਤੇ ਸੋਚ ਵਿਚ ਡੁੱਬੀ ਆਪਣੇ ਸਾਮ੍ਹਣੇ ਪਾਸੇ ਦੇਖਦੀ ਹੋਈ ਕੁਝ ਦੇਰ ਤਕ ਉਹ ਇਸੇ ਤਰ੍ਹਾਂ ਬੈਠੀ ਰਹੀ। "ਹਾਂ, ਇਹ ਵਿਰਾਨਾ, ਇਹ ਖਾਮੋਸ਼ੀ। ਕਦੀ ਕਿਸੇ ਨੂੰ ਕੁਝ ਪਤਾ ਨਹੀਂ ਲਗੇਗਾ..."

ਉਹ ਉੱਠੀ, ਜਰਾਬਾਂ ਲੈ ਕੇ ਅੰਗੀਠੀ ਕੋਲ ਗਈ ਤੇ ਅੰਗੀਠੀ ਦੇ ਮੂੰਹ ਅੱਗੇ ਉਹਨਾਂ ਨੂੰ ਲਟਕਾ ਦਿੱਤਾ। ਕੁਝ ਖਾਸ ਹੀ ਕਿਸਮ ਦਾ ਸੀ ਇਹ। ਉਸਨੇ ਉਸਨੂੰ ਘੁਮਾਇਆ, ਨੰਗੇ ਪੈਰੀਂ ਹੌਲੀ ਹੌਲੀ ਕਦਮ ਪੁਟਦੀ ਹੋਈ ਬਿਸਤਰੇ ਵਲ ਗਈ ਅਤੇ ਉਹਨਾਂ ਨੂੰ ਫਿਰ ਬਿਸਤਰੇ ਉਤੇ ਟਿਕਾਅ ਕੇ ਬੈਠ ਗਈ। ਕੰਧ ਦੇ ਪਿਛੇ ਬਿਲਕੁਲ ਖਾਮੋਸ਼ੀ ਛਾ ਗਈ। ਉਸਨੇ ਗਲੇ ਵਿਚ ਲਟਕਦੀ ਹੋਈ ਛੋਟੀ ਜਿਹੀ ਘੜੀ ਵਲ ਨਜ਼ਰ ਮਾਰੀ। ਰਾਤ ਦੇ ਦੋ ਵਜੇ ਸਨ। ਲਗਭਗ ਤਿੰਨ ਵਜੇ ਸਾਡੇ ਲੋਕ ਇਥੇ ਪਹੁੰਚ ਜਾਣਗੇ। ਬਸ, ਇਕ ਹੀ ਘੰਟਾ ਬਾਕੀ ਰਹਿ ਗਿਆ ਹੈ।

"ਤਾਂ ਕੀ ਇਕੱਲੀ ਹੀ ਮੈਂ ਇਥੇ ਬੈਠੀ ਰਹਾਂਗੀ? ਇਹ ਕੀ ਬਕਵਾਸ ਹੈ! ਨਹੀਂ ਚਾਹੁੰਦੀ ਇਹ ਮੈਂ! ਹੁਣੇ ਬੁਲਾਉਂਦੀ ਹਾਂ ਉਸਨੂੰ।"

ਪਾਦਰੀ ਸੈਰਗਈ! ਧਰਮ-ਪਿਤਾ ਸੇਰਗਈ! ਸੇਰਗਈ ਦਮਿਤਰੀਵਿਚ, ਰਾਜਕੁਮਾਰ ਕਸਾਤਸਕੀ!"

ਉਧਰੋਂ ਕੋਈ ਜਵਾਬ ਨਾ ਮਿਲਿਆ।

"ਸੁਣੋ ਇਹ ਤਾਂ ਬੜੀ ਨਿਰਦੈਤਾ ਹੈ। ਅਗਰ ਮੈਂ ਐਸੀ ਜ਼ਰੂਰਤ ਮਹਿਸੂਸ ਨਾ ਕਰਦੀ, ਤਾਂ ਤੁਹਾਨੂੰ ਕਦੀ ਵੀ ਨਾ ਬੁਲਾਉਂਦੀ। ਮੈਂ ਬਿਮਾਰ ਹਾਂ। ਪਤਾ ਨਹੀਂ ਮੈਨੂੰ

30