ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਤੁਰ ਪਈ। ਵਕੀਲ ਵੀ ਸਲੈੱਜ ਤੋਂ ਉਤਰ ਗਿਆ ਤੇ ਇਹ ਵੇਖਣ ਲਈ ਰੁਕ ਗਿਆ ਕਿ ਅਗੇ ਕੀ ਹੁੰਦੈ।

5

ਪਾਦਰੀ ਸੇਰਗਈ ਦੇ ਇਕਾਂਤਵਾਸ ਦਾ ਛੇਵਾਂ ਸਾਲ ਚਲ ਰਿਹਾ ਸੀ। 49 ਸਾਲ ਦੀ ਉਮਰ ਸੀ ਉਸਦੀ। ਜੀਵਨ ਉਸਦਾ ਬੜਾ ਕਠਿਨ ਸੀ। ਵਰਤਾਂ ਤੇ ਪ੍ਰਾਰਥਨਾਵਾਂ ਕਰਕੇ ਕਠਿਨ ਨਹੀਂ ਸੀ ਉਹ। ਇਹ ਤਾਂ ਕੁਝ ਮੁਸ਼ਕਿਲ ਨਹੀਂ ਸੀ, ਪਰ ਉਸਨੂੰ ਪ੍ਰੇਸ਼ਾਨ ਕਰਦਾ ਸੀ ਮਾਨਸਿਕ-ਸੰਘਰਸ਼, ਜਿਸਦੀ ਉਸਨੂੰ ਬਿਲਕੁਲ ਆਸ ਨਹੀਂ ਸੀ। ਇਸ ਸੰਘਰਸ਼ ਦੇ ਦੋ ਕਾਰਨ ਸਨ-ਸੰਦੇਹ ਤੇ ਵਾਸ਼ਨਾ। ਇਹ ਦੋਵੇਂ ਦੁਸ਼ਮਨ ਇਕੋ ਵੇਲੇ ਹੀ ਸਿਰ ਚੁਕਦੇ। ਉਸਨੂੰ ਲਗਦਾ ਕਿ ਇਹ ਦੋਵੇਂ ਦੋ ਵੱਖ ਵੱਖ ਦੁਸ਼ਮਨ ਹਨ, ਜਦ ਕਿ ਅਸਲ ਵਿਚ ਉਹ ਇਕ ਹੀ ਸਨ। ਜਿਉਂ ਹੀ ਸ਼ੰਕਾ ਮਿਟਦਾ, ਵਾਸ਼ਨਾ ਵੀ ਮਿਟ ਜਾਂਦੀ। ਪਰ ਉਹ ਸੋਚਦਾ ਕਿ ਇਹ ਦੋ ਵੱਖ ਵੱਖ ਸ਼ੈਤਾਨ ਹਨ ਅਤੇ ਉਹਨਾਂ ਨਾਲ ਵੱਖ ਵੱਖ ਹੀ ਸੰਘਰਸ਼ ਕਰਦਾ।

"ਹੇ ਪ੍ਰਮਾਤਮਾ! ਹੇ ਪ੍ਰਮਾਤਮਾ!" ਉਹ ਸੋਚਦਾ। "ਤੂੰ ਮੇਰੇ ਵਿਚ ਭਰੋਸਾ ਕਿਉਂ ਨਹੀਂ ਪੈਦਾ ਕਰਦਾ? ਜਿਥੋਂ ਤਕ ਵਾਸ਼ਨਾ ਦਾ ਸੰਬੰਧ ਹੈ, ਉਸ ਦੇ ਵਿਰੁੱਧ ਤਾਂ ਸੰਤ ਏਂਥਨੀ ਤੇ ਦੂਸਰਿਆਂ ਨੇ ਵੀ ਸੰਘਰਸ਼ ਕੀਤਾ, ਪਰ ਭਰੋਸਾ? ਉਹਨਾਂ ਵਿਚ ਭਰੋਸਾ ਸੀ, ਪਰ ਮੇਰੇ ਜੀਵਨ ਵਿਚ ਤਾਂ ਐਸੀਆਂ ਘੜੀਆਂ, ਘੰਟੇ ਅਤੇ ਦਿਨ ਵੀ ਆਉਂਦੇ ਹਨ, ਜਦੋਂ ਮੇਰੇ ਵਿਚ ਭਰੋਸਾ ਨਹੀਂ ਹੁੰਦਾ। ਜੇ ਇਹ ਸੰਸਾਰ, ਇਸਦੀ ਸੁੰਦਰਤਾ ਪਾਪ ਹੈ ਤੇ ਸਾਨੂੰ ਇਹ ਚੀਜ਼ਾਂ ਤਿਆਗ ਦੇਣੀਆਂ ਚਾਹੀਦੀਆਂ ਹਨ ਤਾਂ ਇਹ ਸੰਸਾਰ ਹੋਂਦ ਵਿਚ ਹੀ ਕਿਉਂ ਹੈ? ਤਾਂ ਤੂੰ ਇਹ ਲੋਭ-ਲਾਲਸਾ ਪੈਦਾ ਹੀ ਕਿਉਂ ਕੀਤੀ? ਤਾਂ ਕੀ ਇਹ ਲੋਭ-ਲਾਲਸਾ ਨਹੀਂ ਕਿ ਦੁਨੀਆਂ ਦੀਆਂ ਖੁਸ਼ੀਆਂ ਠੁਕਰਾ ਕੇ ਉਥੇ ਆਪਣੇ ਲਈ ਕੁਝ ਤਿਆਰ ਕਰ ਰਿਹਾ ਹਾਂ ਜਿਥੇ ਸ਼ਾਇਦ ਕੁਝ ਵੀ ਨਹੀਂ ਹੈ," ਉਸਨੇ ਆਪਣੇ ਆਪ ਨੂੰ ਕਿਹਾ ਤੇ ਕੰਬ ਉਠਿਆ। ਆਪਣੇ ਆਪ ਨਾਲ ਹੀ ਉਸਨੂੰ ਬੇਹੱਦ ਘ੍ਰਿਣਾ ਜਿਹੀ ਹੋਈ। "ਨੀਚ! ਕਮੀਨੇ! ਮਹਾਤਮਾ ਬਨਣਾ ਚਾਹੁੰਦੈ! "ਉਸਨੇ ਪ੍ਰਾਰਥਨਾ ਸ਼ੁਰੂ ਹੀ ਕੀਤੀ ਸੀ ਕਿ ਉਹ ਉਸ ਰੂਪ ਵਿਚ ਬਿਲਕੁਲ ਹੀ ਸਜੀਵ ਜਿਹਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਉਭਰਿਆ, ਜਿਸ ਤਰ੍ਹਾਂ ਦਾ ਕਿ ਉਹ ਮਠ ਵਿਚ ਲਗਦਾ ਹੁੰਦਾ ਸੀ-ਪਾਦਰੀਆਂ ਦਾ ਚੋਲਾ ਪਾਈ, ਸਿਰ ਉਤੇ ਟੋਪੀ ਰੱਖੀ, ਤੇਜਸਵੀ ਰੂਪ ਵਿਚ। ਉਸਨੇ ਆਪਣਾ ਸਿਰ ਹਿਲਾ ਕੇ ਕਿਹਾ - "ਨਹੀਂ; ਨਹੀਂ; ਇਹ ਅਸਲੀਅਤ ਨਹੀਂ ਹੈ। ਇਹ ਧੋਖਾ ਹੈ। ਮੈਂ ਦੂਸਰਿਆਂ ਨੂੰ ਧੋਖਾ ਦੇ ਸਕਦਾ ਹਾਂ, ਪਰ ਆਪਣੇ ਆਪ ਨੂੰ ਤੇ ਪ੍ਰਮਾਤਮਾ ਨੂੰ ਨਹੀਂ। ਤੇਜਸਵੀ ਨਹੀਂ, ਬਲਕਿ ਹਾਸੋਹੀਣਾ ਤੇ ਤਰਸਯੋਗ ਵਿਅਕਤੀ ਹਾਂ ਮੈਂ। ਉਸ ਨੇ

23