ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਉਹ ਚੁੱਪ ਰਹੀ।

ਕਸਾਤਸਕੀ ਉੱਛਲ ਕੇ ਖੜਾ ਹੋ ਗਿਆ ਅਤੇ ਇਕਦਮ ਪੀਲਾ ਅਤੇ ਕੰਬਦੇ ਹੋਠਾਂ ਨਾਲ ਉਸਦੇ ਸਾਹਮਣੇ ਖੜੋਤਾ ਰਿਹਾ। ਹੁਣ ਉਸਨੂੰ ਯਾਦ ਆਇਆ ਕਿ ਨੇਵਸਕੀ ਸੜਕ ਉਤੇ ਨਿਕੋਲਾਈ ਪਾਵਲੋਵਿਚ ਨਾਲ ਜਦੋਂ ਉਸ ਦੀ ਮੁਲਾਕਾਤ ਹੋਈ ਸੀ, ਤਾਂ ਉਸਨੇ ਕਿਸ ਤਰ੍ਹਾਂ ਸਨੇਹ ਨਾਲ ਉਸਨੂੰ ਵਧਾਈ ਦਿਤੀ ਸੀ।

"ਹੇ ਪ੍ਰਮਾਤਮਾ, ਮੈਂ ਇਹ ਕੀ ਕਰ ਦਿਤਾ, ਸਤੇਪਾਨ!" ਉਹ ਕੂਕ ਉੱਠੀ।

"ਮੈਨੂੰ ਨਹੀਂ ਛੂਹੋ, ਨਹੀਂ ਛੂਹੋ ਮੈਨੂੰ। ਓਫ, ਕਿੰਨਾ ਡੂੰਘਾ ਜ਼ਖਮ ਲਗਾਇਆ ਹੈ ਤੁਸਾਂ!"

ਉਹ ਮੁੜਿਆ ਅਤੇ ਘਰ ਵਲ ਤੁਰ ਪਿਆ। ਉਥੇ ਮੇਰੀ ਦੀ ਮਾਂ ਸਾਹਮਣੇ ਆ ਗਈ।

"ਕੀ ਗੱਲ ਏ, ਰਾਜਕੁਮਾਰ? ਮੈਂ..." ਕਸਾਤਸਕੀ ਦੇ ਚਿਹਰੇ ਵਲ ਦੇਖਕੇ ਉਹ ਚੁੱਪ ਹੋ ਗਈ। ਉਹ ਅਚਾਨਕ ਹੀ ਲਾਲ-ਪੀਲਾ ਹੋ ਉਠਿਆ ਸੀ।

"ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਮੇਰੀ ਆੜ ਲੈ ਕੇ ਉਹਨਾਂ ਉਤੇ ਪੜਦਾ ਪਾਉਣਾ ਚਾਹੁੰਦੇ ਸੀ। ਜੇ ਤੁਸੀਂ ਇਕ ਔਰਤ ਨਾ ਹੁੰਦੇ ਤਾਂ..." ਆਪਣਾ ਵੱਡਾ ਸਾਰਾ ਮੁੱਕਾ ਕੱਸਕੇ ਉਹ ਚਿੱਲਾਇਆ, ਤੇਜ਼ੀ ਨਾਲ ਮੁੜਿਆ ਤੇ ਬਾਹਰ ਨੱਠ ਗਿਆ।

ਜੇ ਕੋਈ ਹੋਰ ਵਿਅਕਤੀ ਉਸਦੀ ਮੰਗੇਤਰ ਦਾ ਪ੍ਰੇਮੀ ਹੁੰਦਾ, ਤਾਂ ਉਸਨੂੰ ਉਸਨੇ ਜਾਨੋਂ ਮਾਰ ਦਿੱਤਾ ਹੁੰਦਾ। ਪਰ ਇਹ ਤਾਂ ਉਸਦਾ ਪੂਜ ਜ਼ਾਰ ਸੀ।

ਅਗਲੇ ਦਿਨ ਛੁੱਟੀ ਦੀ ਅਰਜ਼ੀ ਤੇ ਨਾਲ ਹੀ ਅਸਤੀਫਾ ਦੇ ਦਿਤਾ, ਲੋਕਾਂ ਤੋਂ ਬਚਣ ਲਈ ਬਿਮਾਰ ਹੋਣ ਦਾ ਬਹਾਨਾ ਕਰ ਲਿਆ ਤੇ ਪਿੰਡ ਚਲਾ ਗਿਆ।

ਗਰਮੀਆਂ ਉਸਨੇ ਆਪਣੇ ਪਿੰਡ ਬਿਤਾਈਆਂ ਤੇ ਉਥੇ ਜ਼ਰੂਰੀ ਕੰਮ-ਕਾਜ ਨਿਪਟਾਏ। ਗਰਮੀਆਂ ਖਤਮ ਹੋਣ ਉਤੇ ਉਹ ਸੇਂਟ ਪੀਟਰਸਬਰਗ ਵਾਪਸ ਨਹੀਂ ਗਿਆ ਸਗੋਂ ਮਠ ਵਿਚ ਜਾ ਕੇ ਸਾਧੂ ਬਣ ਗਿਆ।

ਮਾਂ ਨੇ ਉਸਨੂੰ ਖੱਤ ਲਿਖਿਆ। ਐਸਾ ਫੈਸਲਾਕੁਨ ਕਦਮ ਉਠਾਉਣ ਤੋਂ ਮਨ੍ਹਾ ਕੀਤਾ। ਉਸਨੇ ਜਵਾਬ ਦਿਤਾ ਕਿ ਪ੍ਰਮਾਤਮਾ ਦੀ ਸੇਵਾ ਬਾਕੀ ਹੋਰ ਸਭ ਚੀਜ਼ਾਂ ਤੋਂ ਉਪਰ ਹੈ ਤੇ ਉਹ ਐਸਾ ਕਰਨ ਦੀ ਲੋੜ ਮਹਿਸੂਸ ਕਰਦਾ ਹੈ। ਸਿਰਫ ਉਸਦੀ ਭੈਣ ਹੀ, ਜੋ ਭਰਾ ਦੀ ਤਰ੍ਹਾਂ ਅਭਿਮਾਨੀ ਤੇ ਮਹੱਤਤਾ ਦੀ ਇਛੁੱਕ ਸੀ, ਉਸਨੂੰ ਸਮਝਦੀ ਸੀ। ਉਹ ਸਮਝਦੀ ਸੀ ਕਿ ਉਸਦਾ ਭਰਾ ਇਸ ਲਈ ਸਾਧੂ ਹੋ ਗਿਆ ਹੈ ਕਿ ਉਹਨਾਂ ਲੋਕਾਂ ਤੋਂ ਉੱਚਾ ਹੋ ਸਕੇ, ਜੋ ਉਸਨੂੰ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਉਸ ਤੋਂ ਉੱਚੇ ਹਨ।

ਉਸਨੇ ਠੀਕ ਹੀ ਸਮਝਿਆ ਸੀ। ਸਾਧੂ ਬਣ ਕੇ ਉਸਨੇ ਇਹ ਦਿਖਾ ਦਿਤਾ ਸੀ ਕਿ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿੰਨਾ ਤੁੱਛ ਸਮਝਦਾ ਹੈ, ਜੋ ਦੂਸਰਿਆਂ ਲਈ

11