ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਉਸ ਤੋਂ ਕੁਰਬਾਨ ਕਰ ਦੇਣਾ ਚਾਹੁੰਦਾ। ਸਮਰਾਟ ਨਿਕੋਲਾਈ ਪਾਵਲੋਵਿਚ ਇਹ ਜਾਣਦਾ ਸੀ ਤੇ ਜਾਣ ਬੁੱਝਕੇ ਉਸਦੀ ਇਸ ਭਾਵਨਾ ਦੀ ਹੌਸਲਾ ਅਫਜ਼ਾਈ ਕਰਦਾ ਸੀ। ਉਹ ਕੈਡੇਟਾਂ ਨਾਲ ਨਾਟਕ ਜੇਹਾ ਖੇਡਦਾ, ਉਹਨਾਂ ਨੂੰ ਆਪਣੇ ਆਸੇ-ਪਾਸੇ ਜਮ੍ਹਾਂ ਕਰ ਲੈਂਦਾ, ਕਦੀ ਬੱਚਿਆਂ ਦੀ ਸਰਲਤਾ ਨਾਲ, ਕਦੀ ਵੱਡੇ ਦੋਸਤਾਂ ਦੀ ਤਰ੍ਹਾਂ ਅਤੇ ਕਦੀ ਸਮਰਾਟ ਵਾਲੀ ਗੌਰਵਤਾ ਨਾਲ ਉਹਨਾਂ ਨਾਲ ਗੱਲਾਂ-ਬਾਤਾਂ ਕਰਦਾ। ਰਸੋਈ ਖਾਨੇ ਦੇ ਅਫਸਰ ਨਾਲ ਵਾਪਰੀ ਕਸਾਤਸਕੀ ਦੀ ਅਖੀਰਲੀ ਘਟਨਾ ਦੇ ਪਿਛੋਂ ਨਿਕੋਲਾਈ ਨੇ ਉਸਨੂੰ ਕੁਝ ਵੀ ਨਹੀਂ ਕਿਹਾ, ਪਰ ਜਦੋਂ ਕਸਾਤਸਕੀ ਉਸ ਦੇ ਨਜ਼ਦੀਕ ਆਇਆ, ਤਾਂ ਉਸਨੇ ਜਿਵੇਂ ਨਾਟਕ ਕਰਦਿਆਂ ਉਸਨੂੰ ਦੂਰ ਹਟਾ ਦਿਤਾ, ਮੱਥੇ ਉਤੇ ਤਿਊੜੀ ਪਾਈ, ਉਂਗਲੀ ਵਿਖਾਕੇ ਧਮਕਾਇਆ ਤੇ ਪਿਛੋਂ ਜਾਂਦੇ ਹੋਏ ਕਹਿਣ ਲੱਗਾ:

"ਇਹ ਸਮਝ ਲਓ ਕਿ ਮੈਨੂੰ ਸਭ ਕੁਝ ਪਤੈ। ਪਰ ਕੁਝ ਚੀਜ਼ਾਂ ਨੂੰ ਮੈਂ ਜਾਨਣਾ ਨਹੀਂ ਚਾਹੁੰਦਾ, ਤੇ ਉਹ ਮੇਰੇ ਇਥੇ ਹਨ।"

ਤੇ ਉਸ ਨੇ ਦਿਲ ਵਲ ਇਸ਼ਾਰਾ ਕੀਤਾ।

ਪੜ੍ਹਾਈ ਖਤਮ ਹੋਣ ਉਤੇ ਜਦੋਂ ਕੈਡੇਟ ਸਮਰਾਟ ਦੇ ਸਾਮ੍ਹਣੇ ਆਏ, ਤਾਂ ਉਸਨੇ ਇਸ ਘਟਨਾ ਦੀ ਯਾਦ ਤਕ ਨਹੀਂ ਕਰਾਈ ਤੇ ਹਮੇਸ਼ਾਂ ਦੀ ਤਰ੍ਹਾਂ ਇਹ ਕਿਹਾ ਕਿ ਕਿਸੇ ਵੀ ਚੀਜ਼ ਲਈ ਉਹ ਸਿੱਧੇ ਉਸ ਕੋਲ ਆ ਸਕਦੇ ਹਨ, ਕਿ ਸੱਚੀ ਨੀਤ ਨਾਲ ਉਸਦੀ ਤੇ ਮਾਤ-ਭੂਮੀ ਦੀ ਸੇਵਾ ਕਰਨ, ਕਿ ਉਹ ਹਮੇਸ਼ਾਂ ਉਹਨਾਂ ਦਾ ਸਭ ਤੋਂ ਵੱਡਾ ਦੋਸਤ ਰਹੇਗਾ। ਹਮੇਸ਼ਾਂ ਦੀ ਤਰ੍ਹਾਂ, ਇਹਨਾਂ ਲਫਜ਼ਾਂ ਨੇ ਸਾਰਿਆਂ ਦਿਆਂ ਦਿਲਾਂ ਨੂੰ ਟੁੰਬ ਦਿਤਾ, ਕਸਾਤਸਕੀ ਨੇ ਬੀਤੀ ਘਟਨਾ ਨੂੰ ਯਾਦ ਕਰਕੇ ਸੱਚੇ ਅੱਥਰੂ ਵਹਾਏ ਤੇ ਮਨ ਈ ਮਨ ਵਿਚ ਇਹ ਕਸਮ ਖਾਧੀ ਕਿ ਆਪਣੇ ਪਿਆਰੇ ਜ਼ਾਰ ਦੀ ਸੇਵਾ ਲਈ ਕੋਈ ਵੀ ਕਸਰ ਨਹੀਂ ਛੱਡੇਗਾ।

ਕਸਾਤਸਕੀ ਦੇ ਰਜਮੰਟ ਵਿਚ ਜਾਣ ਤੋਂ ਮਗਰੋਂ ਉਸਦੀ ਮਾਂ ਅਤੇ ਭੈਣ ਪਹਿਲਾਂ ਮਾਸਕੋ ਤੇ ਫਿਰ ਆਪਣੇ ਪਿੰਡ ਚਲੀਆਂ ਗਈਆਂ। ਕਸਾਤਸਕੀ ਨੇ ਅੱਧੀ ਜਗੀਰ ਭੈਣ ਨੂੰ ਦੇ ਦਿੱਤੀ ਤੇ ਬਾਕੀ ਅੱਧੀ ਦੀ ਆਮਦਨੀ ਤੋਂ, ਉਸ ਠਾਠਦਾਰ ਰਜਮੰਟ ਵਿਚ, ਜਿਸ ਵਿਚ ਉਹ ਨਿਯੁਕਤ ਸੀ, ਮੁਸ਼ਕਿਲ ਨਾਲ ਉਸਦਾ ਖਰਚ ਹੀ ਪੂਰਾ ਹੁੰਦਾ ਸੀ। ਬਾਹਰੀ ਤੌਰ ਉਤੇ ਤਾਂ ਕਸਾਤਸਕੀ ਇਕ ਸਾਧਾਰਣ ਨੌਜਵਾਨ ਹੀ ਲਗਦਾ ਸੀ, ਜੋ ਗਾਰਡਾਂ ਦਾ ਸ਼ਾਨਦਾਰ ਅਫਸਰ ਸੀ, ਵਧੀਆ ਕੈਰੀਅਰ ਬਣਾ ਰਿਹਾ ਸੀ। ਪਰ ਉਸਦੇ ਅੰਦਰ ਕਈ ਗੁੰਝਲਾਂ ਸਨ ਤੇ ਤਨਾਵਪੂਰਨ ਹਲ-ਚਲ ਮਚੀ ਰਹਿੰਦੀ ਸੀ। ਇਹ ਹਲ-ਚਲ ਸ਼ਾਇਦ ਬਚਪਨ ਤੋਂ ਹੀ ਉਸ ਦੀ ਆਤਮਾ ਵਿਚ ਚੱਲ ਰਹੀ ਸੀ, ਉਸਨੇ ਭਿੰਨ ਭਿੰਨ ਰੂਪ ਧਾਰਨ ਕੀਤੇ ਸਨ, ਪਰ ਉਸਦਾ ਤੱਤ ਇਕ ਹੀ ਸੀ। ਇਹ ਕਿ ਜੋ ਕੁਝ ਵੀ ਉਹ ਕਰੇ, ਉਸ ਵਿਚ ਐਸੀ ਨਿਪੁੰਨਤਾ ਤੇ ਸਫਲਤਾ ਪ੍ਰਾਪਤ ਕਰੇ ਕਿ ਦੂਸਰੇ ਦੰਗ ਰਹਿ ਜਾਣ, ਵਾਹ ਵਾਹ ਕਰ ਉਠਣ। ਗਿਆਨ-ਵਿਗਿਆਨ ਤੇ ਪੜ੍ਹਨ ਲਿਖਣ ਦੇ ਮਾਮਲੇ