ਪੰਨਾ:ਪਾਕਿਸਤਾਨੀ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਪਸੀ

ਗੌਰਵ ਨੇ ਚੁੱਪ-ਚਾਪ ਸੀਟ ਮੱਲੀ ਤੇ ਗੱਡੀ ਦੀ ਖਿੜਕੀ ਬੰਦ ਕਰ ਦਿੱਤੀ।

ਡਰਾਈਵਰ ਨੇ “ਚਲੋ” ਸੁਣਨ ਲਈ ਉਸ ਵੱਲ ਵੇਖਿਆ, ਪਰ ਉਹ ਚੁੱਪ ਰਿਹਾ।

ਡਰਾਈਵਰ ਨੇ ਹਾਲਾਤ ਭਾਂਪ ਕੇ ਗੱਡੀ ਤੋਰ ਲਈ।

ਗੌਰਵ ਹਾਲੀਂ ਆਪਣੀਆਂ ਬੇਕਾਬੂ ਹੋਈਆਂ ਅੱਖਾਂ ਨੂੰ ਟਿਕਾਉਣ ਲਈ ਕੋਈ ਚੀਜ਼ ਲੱਭ ਹੀ ਰਿਹਾ ਸੀ ਕਿ ਉਸ ਦੀ ਨਜ਼ਰ ਅੰਦਰਲੇ ਸ਼ੀਸ਼ੇ ਤੇ ਪਈ। ਵਨੀਤਾ ਦਾ ਚਿਹਰਾ ਹਾਲੀਂ ਵੀ ਮੁਰਝਾਇਆ ਹੋਇਆ ਸੀ। ਨਵਾਂ ਨੀਲਾ ਸੂਟ ਇੰਝ ਲੱਗ ਰਿਹਾ ਸੀ ਜਿਵੇਂ ਸੂਟ ਦਾ ਉਸਦੇ ਸ਼ਰੀਰ ਨਾਲ ਕੋਈ ਮੇਲ ਨਾ ਹੋਵੇ।

ਗੌਰਵ ਜਦੋਂ ਇਹ ਸੂਟ ਪਟਿਆਲੇ ਤੋਂ ਲਿਆਇਆ ਸੀ ਤਾਂ ਵਨੀਤਾ ਅੱਗੇ ਸੂਟ ਕਰਦਿਆਂ ਉਸਨੇ ਕਿਹਾ ਸੀ, “ਆਹ ਚੱਕ ! ਹੁਣ ਤਾਂ ਖੁਸ਼ ਐਂ ਨਾ!”

ਵਨੀਤਾ ਨੇ ਵਰਾਛਾਂ ਫੈਲਾਈਆਂ ਸਨ, ਜਿਵੇਂ ਮੁਸਕੁਰਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ।

ਬਾਹਰ ਜਾਣ ਤੋਂ ਬਾਅਦ ਗੌਰਵ ਨੂੰ ਮੰਮੀ ਦੀ ਮੱਧਮ ਆਵਾਜ਼ ਸੁਣਾਈ ਦਿੱਤੀ ਸੀ, “ਚੰਗੈ! ਚੱਲ, ਕੁਸ਼ ਤਾਂ ਲੈ ਕੇ ਆਇਐ!'

“ਆਏਂ ਤਾਂ, ਇਹ ਇਸ ਗੱਲੋਂ ਨਹੀਂ ਮਾੜੇ! ਪਿਛਲੀ ਵਾਰ ਸ਼ਿਮਲੇ ਤੋਂ ਪਰਸ ਲਿਆਏ ਸੀ।”

ਤੇ ਅੱਗੋਂ ਮੰਮੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। “ਕਹਿ ਰਹੇ ਹੋਣਗੇ, ਕਦੋਂ ਤੱਕ ਇਹਨਾਂ ਭੁਲੇਖਿਆਂ ਨੂੰ ਪਾਲੇਂਗੀ!” ਗੌਰਵ ਨੇ ਅੰਦਾਜ਼ਾ ਲਾਇਆ।

ਹਰ ਵਾਰ ਟੂਰ ਦੌਰਾਨ ਸਾਰਾ ਸਟਾਫ ਪਤਨੀਆਂ ਤੇ ਬੱਚਿਆਂ ਲਈ ਤੋਹਫੇ ਖਰੀਦਦਾ ਸੀ। ਗੌਰਵ ਵੀ ਕੁਝ ਨਾ ਕੁਝ ਲੈ ਲੈਂਦਾ-ਕਦੇ ਸੂਟ, ਕਦੇ ਪਰਸ ਤੇ ਕਦੇ ਕੁੱਝ ਹੋਰ। ਇਸ ਤਰ੍ਹਾਂ ਨਾ ਕਰਨਾ ਉਸ ਨੂੰ ਅਜੀਬ ਲੱਗਦਾ ਸੀ।

“ਉਹਨੂੰ, ਆਪਣੀ ਮਾਂ ਨੂੰ, ਬਥੇਰਾ ਕੁਸ਼ ਖਵਾਈ ਜਾਂਦੈ।” ਗੌਰਵ ਨੇ ਮੰਮੀ ਦੇ ਇਹ ਬੋਲ ਆਪਣੀ ਪਿੱਠ ਪਿੱਛੋਂ ਕਈ ਵਾਰ ਸੁਣੇ ਸਨ। ਜਵਾਨ ਤੇ ਕਮਾਊ ਪੁੱਤ ਦੇ ਮੁੰਹ ਤੇ ਇਹ ਗੱਲਾਂ ਆਖਣ ਦੀ ਮੰਮੀ ਵਿੱਚ ਹਿੰਮਤ ਨਹੀਂ ਸੀ।

ਹਿੰਮਤ ਤਾਂ ਗੌਰਵ ਵਿੱਚ ਵੀ ਨਹੀਂ ਸੀ ਕਿ ਉਹ ਮੰਮੀ ਦੀ ਕਿਸੇ ਗੱਲ ਦਾ ਮੋੜਵਾਂ ਜਵਾਬ ਦੇ ਸਕੇ। ਨਾ ਹੀ ਕਦੇ ਉਸਨੇ ਵਨੀਤਾ ਨੂੰ ਉੱਚਾ ਬੋਲਿਆ ਸੀ।

ਸਿਰਫ਼ ਇਕ ਵਾਰ ਉਸਨੇ ਡੈਡੀ ਨੂੰ, ਰੋਟੀ ਖਾਂਦਿਆਂ, ਇੰਨਾ ਹੀ ਆਖਿਆ ਸੀ, “ਇਹ ਇੰਡੀਅਨ ਔਰਤਾਂ ਵੀ ਘਰਵਾਲੇ ਨਾਲ ਚਿਪਕੀਆਂ ਈ ਰਹਿੰਦੀਆਂ ਨੇ !”

74/ਪਾਕਿਸਤਾਨੀ