ਪੰਨਾ:ਪਾਕਿਸਤਾਨੀ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਗੁੱਸਾ ਆਇਆ ਸੀ, ਪਰ ਭਾਅ ਜੀ ਦੇ ਮੰਨਣ ਤੋਂ ਬਾਅਦ ਊਹ ਸਾਰਾ ਕੁਝ ਭੁੱਲ ਗਈ ਸੀ।

ਵਿਆਹ ਤੋਂ ਬਾਅਦ ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਸਾਰੀ ਦੁਨੀਆ ਦੇ ਲੋਕ ਆਪਸ ਵਿੱਚ ਪਿਆਰ ਦੀਆਂ ਤੰਦਾਂ ਨਾਲ ਜੁੜੇ ਹੋਏ ਹਨ, ਤੇ ਇਸ ਦੁਨੀਆ ਵਿੱਚ ਪਿਆਰ-ਮੁਹੱਬਤ ਨਾਲ ਕੁੱਝ ਵੀ ਅਸੰਭਵ ਨਹੀਂ। ਇਸੇ ਹੌਸਲੇ ਨਾਲ ਉਸ ਨੇ ਰਜਨੀ ਨੂੰ ਘਰ ਬੁਲਾਉਣ ਦੀ ਜ਼ਿੱਦ ਕੀਤੀ ਸੀ।

ਪਹਿਲਾਂ ਤਾਂ ਭਾਅ ਜੀ ਅਤੇ ਰਕੇਸ਼ ਨੇ ਮਨ੍ਹਾ ਕਰ ਦਿੱਤਾ ਸੀ। ਪਰ ਊਸ਼ਾ ਦੇ ਵਾਰ-ਵਾਰ ਕਹਿਣ ਤੇ ਉਸ ਨੂੰ ਰਜਨੀ ਨਾਲ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਮਿਲ ਗਈ ਸੀ।

ਰਜਨੀ ਨੂੰ ਤਾਂ ਜਿਵੇਂ ਇੱਕ ਆਵਾਜ਼ ਮਾਰਨ ਦੀ ਹੀ ਦੇਰ ਸੀ। ਫੋਨ ਸੁਣਦਿਆਂ ਹੀ ਦੌੜੀ ਆਈ ਸੀ-ਜਿਵੇਂ ਭਰਾਵਾਂ ਨੂੰ ਮਿਲਣ ਲਈ ਤਰਸੀ ਬੈਠੀ ਹੋਵੇ! ਦੋਹਾਂ ਭਰਾਵਾਂ ਦੀ ਉਹ ਇਕੱਲੀ ਭੈਣ ਸੀ। ਜਦੋਂ ਦਾ ਉਸ ਨੇ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ, ਉਦੋਂ ਤੋਂ ਭਰਾਵਾਂ ਨੇ ਉਸ ਨਾਲ ਰਿਸ਼ਤਾ ਤੋੜਿਆ ਹੋਇਆ ਸੀ।

ਊਸ਼ਾ ਦੀਆਂ ਕੋਸ਼ਿਸ਼ਾਂ ਕਰਕੇ ਆਪਣੇ ਵਿਆਹ ਤੋਂ ਬਾਅਦ ਉਸ ਨੇ ਪਹਿਲੀ ਵਾਰ ਪੇਕੇ ਘਰ ਪੈਰ ਪਾਇਆ ਸੀ। ਉਸ ਦਿਨ ਤੋਂ ਉਹ ਉਸ ਘਰ ਵਿੱਚ ਆਉਣ-ਜਾਣ ਲੱਗ ਪਈ ਸੀ। ਭਾਵੇਂ ਉਸ ਦੇ ਪਤੀ ਲਈ ਉਸ ਘਰ ਦਾ ਦਰਵਾਜ਼ਾ ਕਦੇ ਵੀ ਨਹੀਂ ਖੁਲ੍ਹਿਆ, ਪਰ ਰਜਨੀ ਨੂੰ ਆਪਣੇ ਬੱਚਿਆਂ ਸਮੇਤ ਪ੍ਰਵਾਨਗੀ ਮਿਲ ਗਈ ਸੀ।

ਊਸ਼ਾ ਨਾਲ ਉਸ ਦਾ ਕਾਫੀ ਲਗਾਉ ਹੋ ਗਿਆ ਸੀ। ਉਸ ਨਾਲ ਉਹ ਆਪਣਾ ਸਾਰਾ ਦੁੱਖ-ਸੁੱਖ ਸਾਂਝਾ ਕਰ ਲੈਂਦੀ ਸੀ। ਆਪਣੇ ਘਰ ਦੀ ਗਰੀਬੀ ਬਾਰੇ ਵੀ ਉਸ ਨੇ ਉਸ਼ਾ ਨੂੰ ਸਾਰਾ ਕੁਝ ਦੱਸਿਆ ਹੋਇਆ ਸੀ।

ਪਰ ਪਿਛਲੇ ਕੁਝ ਸਮੇਂ ਤੋਂ ਊਸ਼ਾਂ ਨੂੰ ਉਹ ਜ਼ਿਆਦਾ ਹੀ ਉਦਾਸ ਲੱਗਣ ਲੱਗ ਪਈ ਸੀ। ਉਸ ਦਾ ਚਿਹਰਾ ਪਹਿਲਾਂ ਨਾਲੋਂ ਕਾਫੀ ਮੁਰਝਾ ਗਿਆ ਸੀ। ਊਸ਼ਾ ਦੇ ਵਾਰ-ਵਾਰ ਪੁੱਛਣ ਤੇ ਉਸ ਨੇ "ਬੱਸ! ਐਵੇਂ ਤਬੀਅਤ ਜਿਹੀ ਖ਼ਰਬਿ ਰਹਿੰਦੀ ਐ!" ਕਹਿ ਕੇ ਟਾਲ ਦਿੱਤਾ ਸੀ। ਊਸ਼ਾ ਵੀ ਇਹ ਸੋਚ ਕੇ ਚੁੱਪ ਕਰ ਗਈ ਸੀ ਕਿ ਘਰ ਦੀ ਤੰਗੀ ਦਾ ਫਿਕਰ ਕਰਦੀ ਹੋਵੇਗੀ।

ਪਰ ਅਗਲੀ ਵਾਰ ਜਦੋਂ ਰਜਨੀ ਪੇਕੀਂ ਆਈ ਸੀ ਤਾਂ ਉਸ ਤੋਂ ਆਪਣੇ ਢਿੱਡ ਦਾ ਦੁੱਖ ਲੁਕਾਇਆ ਨਹੀਂ ਸੀ ਗਿਆ।

ਉਸ ਦੀ ਗੱਲ ਸੁਣ ਕੇ ਊਸ਼ਾ ਦੇ ਵੀ ਰੌਂਗਟੇ ਖੜ੍ਹੇ ਹੋ ਗਏ ਸਨ। ਉਸ ਨੇ ਰਜਨੀ ਨੂੰ ਸਮਝਾਇਆ ਵੀ ਕਿ ਉਹ ਠੀਕ ਨਹੀਂ ਸੀ ਕਰ ਰਹੀ।

ਰਜਨੀ ਫੁੱਟ-ਫੁੱਟ ਕੇ ਰੋਣ ਲੱਗ ਪਈ, "ਜੇ ਮੈਂ ਪਿੰਕੀ ਦੇ ਡੈਡੀ ਦੀ ਗੱਲ ਨਹੀਂ ਮੰਨਦੀ ਤਾਂ ਉਹ ਦਾਰੂ ਪੀ ਕੇ ਕੁੱਟਣ ਲੱਗ ਪੈਂਦੈ ... ਘਰੇ ਰਾਸ਼ਨ ਲਿਆਉਣਾ ਬੰਦ

25/ਪਾਕਿਸਤਾਨੀ