ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/68

ਇਹ ਸਫ਼ਾ ਪ੍ਰਮਾਣਿਤ ਹੈ



ਪ੍ਰੀਤ ਗਾਥਾਵਾਂ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ।
ਇਸਦੀ ਧਰਤੀ ਤੇ ਪਰਵਾਨ ਚੜ੍ਹੀਆਂ ਮੂੰਹ ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ
ਆਪਣੀ ਦਿਲ ਤਖਤੀ 'ਤੇ ਬਠਾਇਆ ਹੋਇਆ ਹੈ। ਹੀਰ ਰਾਂਝਾ, ਸੱਸੀ ਪੁੰਨੂੰ,
ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਰੋਡਾ ਜਲਾਲੀ ਆਦਿ ਅਜਿਹੀਆਂ
ਹਰਮਨ ਪਿਆਰੀਆਂ ਅਮਰ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਅਮਿਟ ਛਾਪ
ਪੰਜਾਬਣਾਂ ਦੇ ਮਨਾਂ ਉਤੇ ਉਕਰੀ ਹੋਈ ਹੈ ਜਿਨ੍ਹਾਂ ਬਾਰੇ ਪੰਜਾਬ ਦੀ ਗੌਰੀ ਨੇ ਸੈਆਂ
ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ।
ਆਪਣੇ ਗੀਤਾਂ ਵਿੱਚ ਗੋਰੀ ਕਿਧਰੇ ਹੀਰ ਅਤੇ ਉਸ ਦੀ ਨਨਾਣ ਸਹਿਤੀ
ਦੇ ਜੋਗੀ ਨੂੰ ਮਿਲਣ ਦੇ ਵਿਰਤਾਂਤ ਨੂੰ ਚਿਤਰਦੀ ਹੋਈ ਆਪਣੇ ਦਿਲਜਾਨੀ ਦਾ ਵਰਨਣ
ਬੜੀਆਂ ਲਟਕਾਂ ਨਾਲ ਕਰਦੀ ਹੈ, ਕਿਧਰੇ ਸੋਹਣੀ ਦੇ ਕੱਚੇ ਘੜੇ ਤੇ ਦਰਿਆ ਨੂੰ ਪਾਰ
ਕਰਨ ਦੇ ਦ੍ਰਿਸ਼ ਨੂੰ ਦਰਦੀਲੇ ਬੋਲਾਂ ਨਾਲ ਗਾਂਵਿਆ ਹੈ।
ਸੱਸੀ ਪੁੰਨੂੰ ਦੀ ਦਰਦਾਂ ਭਰੀ ਪ੍ਰੀਤ ਨੇ ਪੰਜਾਬ ਦੀ ਗੋਰੀ ਦੇ ਮਨ ਨੂੰ ਬਹੁਤ
ਟੁੰਭਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ
ਜਾਣ ਦੇ ਵਿਰਤਾਂਤ ਅਤੇ ਸੱਸੀ ਦੇ ਪੁੰਨੂੰ ਦਾ ਰੇਤ ਥਲਾਂ ਵਿੱਚ ਖੁਰਾ ਖੋਜਣ ਤੇ ਉਸ ਦੀ
ਭਾਲ ਕਰਨ ਸਮੇਂ ਦੀ ਬਿਰਹਾ ਦਸ਼ਾ ਨੂੰ ਦਿਲ ਚੀਰਵੇਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ।
ਪ੍ਰੀਤ ਦੇ ਨਾਇਕ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੂਰ
ਬਾਲਦੀ ਹੈ। ਪੰਜਾਬੀ ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ਼ ਹੋਈ ਲੜਾਈ ਦੇ
ਵਿਰਤਾਂਤ ਨੂੰ ਬੜੀਆਂ ਲਟਕਾਂ ਨਾਲ਼ ਗਾਉਂਦੇ ਹਨ।
ਰੋਡੇ ਫਕੀਰ ਵਲੋਂ ਆਪਣੀ ਮਹਿਬੂਬਾ ਜਲਾਲੀ ਦੇ ਦਰਾਂ ਅੱਗੇ ਤਪਾਏ
ਧੂਣੇ ਦੇ ਦ੍ਰਿਸ਼ ਨੂੰ ਪੰਜਾਬਣਾਂ ਕਰੁਣਾਮਈ ਅੰਦਾਜ ਵਿਚ ਗਾਂਦੀਆਂ ਹਨ

64