ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/65

ਇਹ ਸਫ਼ਾ ਪ੍ਰਮਾਣਿਤ ਹੈ

72
ਆਟਾ ਗੁੰਨ੍ਹਿਆਂ ਪਲੱਟ ਕੀਤਾ
ਸੱਚ ਦਸ ਵੇ ਚੰਨਿਆਂ
ਕਿਹੜੀ ਗਲ ਦਾ ਤੂੰ ਵੱਟ ਕੀਤਾ
73
ਫੁੱਲ ਟਾਹਣੀ ਨਾਲ਼ੋਂ ਤੋੜ ਲਿਆ
ਸੱਚ ਦਸ ਵੇ ਸਜਣਾ
ਮੁੱਖ ਕਿਹੜੀ ਗੱਲੋਂ ਮੋੜ ਲਿਆ
74
ਛੱਪੜੀ ਤੇ ਅੰਬ ਤਰਦਾ
ਐਸੀ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ
75
ਛੱਜ ਭਰਿਆ ਤੀਲਾਂ ਦਾ
ਆਪਾਂ ਦੋਵੇਂ ਝਗੜਾਂਗੇ
ਕੋਈ ਰਾਹ ਨੀ ਵਕੀਲਾਂ ਦਾ
76
ਬਾਗੇ ਵਿੱਚ ਸੋਟੀ ਏ
ਪਿੱਛੇ ਮੁੜ ਜਾ ਵੇ ਚੰਨਾ
ਮੂਹਰੇ ਪੁਲਸ ਖੜੋਤੀ ਏ
77
ਕਿੱਥੇ ਲਾਏ ਨੇ ਸਜਣਾ ਡੇਰੇ ਹੋ
ਫੁੱਲ ਕੁਮਲਾ ਜਾਣਗੇ
ਕਦੇ ਪਾ ਵਤਨਾਂ ਵਲ ਫੇਰੇ ਹੋ
78
ਕਿੱਕਰੀ ਤੇ ਬੂਰ ਹੋਸੀ
ਸਫਰੀ ਢੋਲਾ ਇਕ ਵਾਰੀ
ਰੁੰਨਾ ਜ਼ਰੂਰ ਹੋਸੀ
79
ਦੋ ਤਾਰਾਂ ਪਿੱਤਲ ਦੀਆਂ
ਜਦੋਂ ਮਾਹੀ ਯਾਦ ਆਵੇ
ਧਾਈਂ ਬਲ਼ ਬਲ਼ ਨਿਕਲ ਦੀਆਂ
80
ਗਲ਼ੀਆਂ 'ਚੋਂ ਲੰਘ ਮਾਹੀਆ
ਛੱਲਾ ਤੈਂਡੇ ਪਿਆਰਾਂ ਦਾ
ਮੇਰੇ ਇਸ਼ਕੇ ਦੀ ਵੰਗ ਮਾਹੀਆ

61