ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/47

ਇਹ ਸਫ਼ਾ ਪ੍ਰਮਾਣਿਤ ਹੈ

144
ਉੱਚੇ ਬਣ ਦਿਆ ਪੱਤਿਆ
ਝੜ ਝੜ ਪੈਂਦਾ ਬੂਰ
ਸੱਸੀਏ ਨਾ ਲੜ ਨੀ
ਪੇਕੇ ਮੇਰੇ ਦੂਰ
145
ਸੁਣ ਪਿੱਪਲ ਦਿਆ ਪੱਤਿਆ
ਤੈਂ ਕੇਹੀ ਖੜ ਖੜ ਲਾਈ
ਵਾ ਵਗੀ ਝੜ ਜਾਏਂਗਾ
ਰੁੱਤ ਨਵਿਆਂ ਦੀ ਆਈ
146
ਪਿੱਪਲਾ ਵੇ ਹਰਿਆਲਿਆ
ਪੂਜਾਂ ਤੇਰਾ ਮੁੱਢ
ਤੈਨੂੰ ਪੂਜ ਕੇ ਪਿੱਪਲਾ
ਮੈਂ ਕਦੀ ਨਾ ਪਾਵਾਂ ਦੁੱਖ
147
ਹਰੀ ਫਲਾਹੀ ਬੈਠਿਆ ਤੋਤਿਆ
ਮੈਨਾਂ ਬੈਠੀ ਹੇਠ
ਕੋਠੇ ਡਰਦੀ ਨਾ ਚੜ੍ਹਾਂ
ਉੱਤੇ ਬੈਠਾ ਜੇਠ
148
ਨਦੀ ਕਿਨਾਰੇ ਰੁੱਖੜਾ
ਖੜਾ ਸੀ ਅਮਨ ਅਮਾਨ
ਡਿਗਦਾ ਹੋਇਆ ਬੋਲਿਆ
ਜੀ ਦੇ ਨਾਲ਼ ਜਹਾਨ
149
ਕਿੱਕਰ ਘਰ ਕਪੁੱਤ ਘਰ
ਘਰ ਕਲੱਖਣੀ ਨਾਰ
ਮੈਲ਼ੇ ਪਹਿਨੇ ਕਪੜੇ
ਨਰਕ ਨਸ਼ਾਨੀ ਚਾਰ
150
ਪਿੱਪਲ ਘਰ ਸਪੁੱਤ ਘਰ
ਘਰ ਕੁਲਵੰਤੀ ਨਾਰ
ਉਜਲੇ ਪਹਿਨੇ ਕੱਪੜੇ
ਸੁਰਗ ਨਸ਼ਾਨੀ ਚਾਰ

43