ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/36

ਇਹ ਸਫ਼ਾ ਪ੍ਰਮਾਣਿਤ ਹੈ


72
ਨਦੀ ਕਨਾਰੇ ਬੇਰੀਆਂ
ਝੜ ਝੜ ਪੈਂਦਾ ਬੂਰ
ਗੱਲਾਂ ਕਰਦੇ ਮਿੱਠੀਆਂ
ਪਰ ਦਿਲ ਤੁਹਾਡਾ ਦੂਰ
73
ਨਦੀ ਕਨਾਰੇ ਰੁੱਖੜਾ
ਝੜ ਝੜ ਪੈਣ ਖਰੋਟ
ਗੱਲਾਂ ਕਰਦੇ ਮਿੱਠੀਆਂ
ਦਿਲ ਵਿੱਚ ਰਖਦੇ ਖੋਟ
74
ਅੰਬ ਪੱਕੇ ਅਨਾਰ ਪੱਕੇ
ਵਿੱਚ ਪੱਕੇ ਗੁੱਛੇ
ਤੁਸੀਂ ਪਤੀ ਜੀ ਪਰਦੇਸ ਗਏ
ਕੌਣ ਦਿਲਾਂ ਦੀਆਂ ਪੁੱਛੇ
75
ਚਿੱਟੇ ਚਓਲ ਉਬਾਲ ਕੇ
ਉੱਤੇ ਪਾਵਾਂ ਖੰਡ
ਥੋਡਾ ਖਤ ਵਾਚ ਕੇ
ਮੇਰੇ ਸੀਨੇ ਪੈਂਦੀ ਠੰਡ
76
ਦੁੱਧ ਧਰਾਂ ਰਿਝਣਾ
ਵਿਚੇ ਪਾਵਾਂ ਖੀਰ
ਨਹੀਂ ਤੁਸੀਂ ਆ ਮਿਲੋ
ਨਹੀਂ ਭੇਜੋ ਤਸਵੀਰ
77
ਨਦੀ ਕਿਨਾਰੇ ਬੁਲਬੁਲ ਬੈਠੀ
ਪੈਰ ਬਨਾਤੀ ਜੋੜਾ
ਤੁਸੀਂ ਪਤੀ ਜੀ ਪਰਦੇਸ ਗਏ
ਕਦੋਂ ਪਾਓਗੇ ਮੋੜਾ
78
ਉੱਚਾ ਬੁਰਜਾ ਲਾਹੌਰ ਦਾ
ਕੋਈ ਹੇਠ ਤਪੇ ਤੰਦੂਰ
ਗਿਣ ਗਿਣ ਲਾਹਾਂ ਰੋਟੀਆਂ
ਕੋਈ ਖਾਵਣ ਵਾਲ਼ਾ ਦੂਰ

32