ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਦੋਹੇ

ਲੋਕ ਦੋਹਾ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ ਹੈ। ਭਾਰਤੀ ਸਾਹਿਤ ਵਿੱਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿੱਚ ਦੋਹਰਿਆਂ ਦੇ ਰੂਪ ਵਿੱਚ ਉਪਲਭਧ ਹੈ। ਦੋਹਾ, ਲੋਕ ਪਰੰਪਰਾ ਦਾ ਅਨਿਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮਧਕਾਲੀਨ ਕਿੱਸਾ ਕਾਰਾਂ ਅਤੇ ਕਵੀਸ਼ਰਾਂ ਨੇ ਵੀ ਦੋਹਰੇ ਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤਿਆ ਹੈ।
ਦੋਹਰਾ ਅਥਵਾ ਦੋਹਾ ਇਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਣ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇੱਕ-ਇੱਕ ਤੁਕ ਦੇ ਦੋ-ਦੋ ਚਰਣ ਮੰਨ ਕੇ ਪਹਿਲੇ ਅਤੇ ਤੀਜੇ ਚਰਣ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਣ ਦੀਆਂ ਗਿਆਰਾਂ-ਗਿਆਰਾਂ ਮਾਤਰਾਂ ਹੁੰਦੀਆਂ ਹਨ। (ਪੰਨਾ 652, 'ਮਹਾਨ ਕੋਸ਼' ਕ੍ਰਿਤ ਭਾਈ ਕਾਨ੍ਹ ਸਿੰਘ, ਭਾਸ਼ਾ ਵਿਭਾਗ ਪੰਜਾਬ)।
ਦੋਹਰਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਬੜੀ ਸ਼ਿੱਦਤ ਨਾਲ ਵਰਤਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿੱਚ ਇਹ ਪੰਜਾਬ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅਤਾ ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖ਼ੁਸ਼ੀਆਂ, ਗਮੀਆਂ, ਵਿਛੋੜੇ ਦੇ ਸੱਲਾਂ ਅਤੇ ਵੈਰਾਗ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਾਰਸ਼ਨਿਕ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿੱਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ ‘ਗੁਣੀਆਂ' ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।
ਦੋਹਾ ਲੰਬੀ ਹੇਕ ਅਤੇ ਠਰ੍ਹਾ ਨਾਲ਼ ਗਾਉਣ ਵਾਲਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਨਣ ਦਾ ਅਨੂਠਾ ਤੇ ਅਗੰਮੀ ਸੁਆਦ ਰਿਹਾ ਹੈ। ਆਮ ਤੌਰ ਤੇ ਟਿਕੀ ਹੋਈ ਰਾਤ ਵਿੱਚ ਦੋਹੇ ਲਾਏ ਜਾਂਦੇ ਸਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ। ਤੜਕਸਾਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁੱਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਰਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇੱਕ ਅਨੂਠਾ ਰਾਗ ਉਤਪੰਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ਼



19