ਪੰਨਾ:ਨੂਰੀ ਦਰਸ਼ਨ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਨੇ ਚਿਰ ਵਿਚ ਭਾਗ ਭਰੀ ਏ
ਫੇਰ ਅਮਾਵਸ ਆਂਦੀ ।
ਸਤਿਗੁਰ ਜੀ ਦਾ ਦਰਸ ਸੁਨੇਹਾ
ਮੈਨੂੰ ਆਣ ਸੁਣਾਂਦੀ ।

ਤਾਂ ਮੈਂ ਉਸ ਦਿਨ ਦਰਸ਼ਨ ਖ਼ਾਤਰ
ਤਰਨ ਤਾਰਨ ਨੂੰ ਜਾਵਾਂ ।
ਤਦੇ ਤੈਨੂੰ ਮੈਂ ਅੰਬਰ ਉੱਤੇ
'ਸ਼ਰਫ' ਨ ਨਜ਼ਰੀਂ ਆਵਾਂ ।"
--o--

ਛੇਵਾਂ ਦਰਸ਼ਨ

ਮੀਰੀ-ਪੀਰੀ

ਦੁਨੀਆਂ ਅੰਦਰ ਪਾਪਾਂ ਵਾਲੇ ।
ਜਦ ਛਾਏ ਸਨ ਬੱਦਲ ਕਾਲੇ ।
ਵਿੱਚ ਪੰਜਾਬ ਪਿਆ ਚਮਕਾਰਾ ।
ਆਯਾ ਬਾਬਾ ਨਾਨਕ ਪਿਆਰਾ ।
ਡਾਢੀ ਤਿੱਖੀ ਭਗਤੀ ਵਾਲੀ ।
ਤੇਗ਼ ਉਨ੍ਹਾਂ ਨੇ ਹੱਥ ਸੰਭਾਲੀ ।
ਬਦੀਆਂ ਦੂਈਆਂ ਵਾਲੇ ਸਾਰੇ ।
ਫੜ ਫੜ ਓਨ੍ਹਾਂ ਪੂਰ ਨਘਾਰੇ ।
ਸਚ ਖੰਡ ਵਿਚੋਂ ਸੱਦੇ ਆਏ ।
ਜਾਂ ਉਹ ਜੋਤੀ ਜੋਤ ਸਮਾਏ ।

੫੯.