ਪੰਨਾ:ਨੂਰੀ ਦਰਸ਼ਨ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੜੀ ਬਾਲੜੀ ਬੋਲੀ ਉਹ ਦਝਨ ਹੋ ਕੇ-
ਕਾਹਨੂੰ ਤੱਤੀ ਨੂੰ ਤੱਤਿਓ ! ਤੌਣ ਲੱਗੇ ?
ਦੱਸਨ ਜੋਗੇ ਨਹੀਂ ਪੁੰਨੂੰ ਦਾ ਰਾਹ ਜੇਕਰ,
ਮੈਨੂੰ ਅੰਨ੍ਹੀ ਭੀ ਕਿਉਂ ਹੋ ਬਨੌਣ ਲੱਗੇ ?
ਜ਼ੱਰ੍ਰੇ ਕਮਕ ਕੇ ਰੋਹ ਦੇ ਨਾਲ ਬੋਲੇ :-
"ਵਿਰਲੇ ਲੱਭਦੇ ਪ੍ਰੀਤ ਨਿਭੌਣ ਵਾਲੇ ।
ਆ ਨੀ ਸੱਸੀਏ ! ਤੈਨੂੰ ਵਿਖਾਲ ਦੇਈਏ,
ਅਸੀਂ ਸੱਚ ਦਾ ਇਸ਼ਕ ਕਮੌਣ ਵਾਲੇ ।

ਔਹ ਵੇਖ ਨੀ ਜਿਨ੍ਹਾਂ ਦੇ ਘਰਾਂ ਅੰਦਰ,
ਲਛਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ ।
ਏਹ ਤਾਸੀਰ ਸੀ ਜਿਨ੍ਹਾਂ ਦੀ ਨਿਗ੍ਹਾ ਅੰਦਰ,
ਚਿੜ੍ਹਾਂ ਵਾਹਣ ਭੀ ਸੋਨਾ ਹੋ ਜਾਂਦੀਆਂ ਸਨ ।
ਪਾ ਕੇ ਬੇੜੀਆਂ ਪਰ ਉਪਕਾਰ ਦੀਆਂ,
ਜਿਨ੍ਹਾਂ ਖਿੱਚ ਕੇ ਸੰਗਤਾਂ ਆਂਦੀਆਂ ਸਨ ।
ਸਦਾ ਵਰਤ ਸੀ ਜਿਨ੍ਹਾਂ ਦੇ ਸਦਾ ਖੁੱਲ੍ਹੇ,
ਭੁੱਖੇ ਆਪ ਤੇ ਖ਼ਲਕਤਾਂ ਖਾਂਦੀਆਂ ਸਨ ।

ਰਤਾ ਵੇਖ ਖਾਂ ਕਿਸ ਤਰ੍ਹਾਂ ਝੱਲਦੇ ਨੇ,
ਪਏ ਦੁੱਖ ਤੇ ਦੁੱਖ ਸੁਖਮਨੀ ਵਾਲੇ ।
ਵਾਙ ਫੁੱਲਿਆਂ ਦੇ ਖਿੜ ਖਿੜ ਹੱਸਦੇ ਨੇ,
ਤਤੀ ਰੇਤ ਦੇ ਵਿਚ ਭੀ ਕਣੀ ਵਾਲੇ ।

ਰਾਮਦਾਸ ਗੁਰ ਪ੍ਯਾਰੇ ਦੇ ਚੰਨ ਉਤੇ,
ਹੁੰਦੇ ਜ਼ੁਲਮ ਪਏ ਕੇਡੇ ਹਨੇਰ ਦੇ ਨੇ ।
ਲੋਹੇ ਲਾਖੜੀ ਤਪੀ ਹੈ ਲੋਹ ਹੇਠਾਂ,
ਉਤੋਂ ਰੇਤ ਤੱਤੀ ਪਾਪੀ ਕੇਰਦੇ ਨੇ ।
ਓਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ,
ਏਧਰ ਸਿਦਕ ਇਹ ਗੁਰੂ ਜੀ ਸ਼ੇਰ ਦੇ ਨੇ ।

੪੫.