ਪੰਨਾ:ਨੂਰੀ ਦਰਸ਼ਨ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੱਸੇਂ ਹਰਫ਼ ਜਹੇ ਵੇਦ ਕੁਰਾਨ ਵਿੱਚੋਂ,
ਪੰਡਤ ਮੌਲਵੀ ਛੱਡ ਤਕਰਾਰ ਹਾਰੇ ।
ਤੇਰੇ ਮੋਦੀਖਾਨੇ ਰਹਿਣ ਅੰਤ ਵਾਧੇ,
ਕਰ ਕਰ ਕਈ ਲੇਖੇ ਅਲੋਕਾਰ ਹਾਰੇ ।
ਤੇਰੇ ਇੱਕ ਓਅੰਕਾਰ ਦੇ ਸ਼ਬਦ ਸੁਣ ਕੇ,
ਕੌਡੇ ਜਹੇ ਰਾਖਸ਼ ਕਈ ਹਜ਼ਾਰ ਹਾਰੇ ।
ਤੇਰੇ ਮੱਥੇ ਦੀ ਵੇਖ ਕੇ ਸ਼ੁਭ ਰੇਖਾ,
ਹੋਣੀ ਜਹੀ ਅਟੱਲ ਸਰਕਾਰ ਹਾਰੇ ।
ਤੇਰੀ ਚੱਕੀ ਦਾ ਚੱਲਣਾ ਵੇਖ ਕੇ ਤੇ,
ਬਾਬਰ ਜੇਹੇ ਅਮੋੜ ਕੱਹਾਰ ਹਾਰੇ ।
ਦੌਲਤ ਨਾਮ ਦੀ ਵੇਖ ਕੇ ਕੋਲ ਤੇਰੇ,
ਸੱਜਣ ਠੱਗ ਜਹੇ ਚੋਰ ਚਕਾਰ ਹਾਰੇ ।
ਕਿਤੇ ਵਲੀ ਕੰਧਾਰੀ ਜਹੇ ਸੰਗਦਿਲ ਦਾ,
ਤੇਰੀ ਸ਼ਕਤੀਓਂ ਕਿਬਰ ਹੰਕਾਰ ਹਾਰੇ ।
ਗੱਲਾਂ ਡੂੰਘੀਆਂ ਬਾਲੇ ਤੋਂ ਸੁਣ ਸੁਣ ਕੇ,
ਉੱਚੇ ਉੱਚੇ ਵਿਚਾਰੇ ਵਿਚਾਰ ਹਾਰੇ ।
ਐਸੀ ਤਾਰ ਮਰਦਾਨੇ ਨੂੰ ਬੰਨ੍ਹ ਦਿੱਤਾ,
ਨਾ ਉਹ ਹਾਰੇ ਨ ਓਹਦੀ ਸਤਾਰ ਹਾਰੇ ।
ਤੇਰੀ ਬਾਣੀ ਦਾ ਸਾਗਰ ਏ ਬੜਾ ਡੂੰਘਾ,
ਲਾ ਲਾ ਟੁੱਬੀਆਂ ਕਈ ਇਲਮਦਾਰ ਹਾਰੇ ।
ਮੁੱਕੇ ਤੇਰੇ ਭੰਡਾਰ ਅਗਿਣਤ ਦੇ ਨਾ,
ਪੌਂਦੇ ਲੁੱਟ ਲੱਖਾਂ ਔਗਣਹਾਰ ਹਾਰੇ ।
ਖੇਡੀ ਖੇਡ ਤੂੰ ਬਾਬਾ ਜੋ ਅੰਤ ਵੇਲੇ,
ਓਹਨੂੰ ਵੇਖਕੇ ਰਿਸ਼ੀ ਅਵਤਾਰ ਹਾਰੇ ।
ਹਿੰਦੂ ਕਹਿਣ ਸਾਡਾ ਮੁਸਲਿਮ ਕਹਿਣ ਸਾਡਾ,
ਦੋਹਾਂ ਵਿੱਚੋਂ ਨਾ ਕੋਈ ਪੰਕਾਰ ਹਾਰੇ ।


੨੭.