ਪੰਨਾ:ਨੂਰੀ ਦਰਸ਼ਨ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਚ-ਖੰਡ ਅੰਦਰ ਪਹੁੰਚਣ ਤੈਨੂੰ
ਲੱਖ ਕਰੋੜ ਵਧਾਈਆਂ !

ਵਾਹ ਮਨ-ਮੋਹਨਾ ਨੀਲਾ ਤੇਰਾ,
ਵਾਹ ਨੀਲੇ ਦੀਆਂ ਚਾਲਾਂ,
ਸੋਹਨੀਆਂ ਦੌੜਾਂ, ਬਾਂਕੇ ਪੋਈਏ,
ਸੁੰਦਰ ਏਹਦੀਆਂ ਛਾਲਾਂ ।
ਝਲ ਨਾ ਸੱਕਨ ਬਾਈ ਧਾਰਾਂ
ਖੁਰ ਏਦ੍ਹੇ ਦੀਆਂ ਝਾਲਾਂ,
ਧਮਕ ਪਏ ਜਿਸ ਰਣ ਵਿਚ ਏਦ੍ਹੀ
ਟੁੱਟਣ ਤੇਗ਼ਾਂ ਢਾਲਾਂ,

ਜਿੱਧਰ ਜਿੱਧਰ ਨੀਲੇ ਤੇਰੇ
ਅੱਖਾਂ ਜਾ ਚਮਕਾਈਆਂ,
ਆਟੇ ਵਾਲੀਆਂ ਗਊਆਂ ਬਣ ਬਣ
ਓਸੇ ਪਾਸਿਓਂ ਆਈਆਂ ।

ਵਾਹਵਾ ਤੇਰੇ ਤੀਰ ਪਿਆਰੇ
ਸਾਫ਼ ਨਿਸ਼ਾਨੇ ਲਾਵਨ,
ਵੇਖ ਉਡਾਰੀ ਤਾਰੀ ਪਿਆਰੀ
ਪਰੀਆਂ ਭੀ ਸ਼ਰਮਾਵਨ,
ਐਸੇ ਮਿੱਠੇ ਫਲ ਇਨ੍ਹਾਂ ਦੇ ,
ਦੂਤੀ ਹਸ ਹਸ ਖਾਵਨ,
ਉੱਕਾ ਪੱਕਾ ਵਿੰਨ੍ਹ ਕਲੇਜਾ
ਏਹ ਭੀ ਭੁੱਖ ਮਿਟਾਵਨ,

ਵਾਂਗ ਕਬੂਤਰ ਚਿੱਠੀਆਂ ਖੜਕੇ
ਮਾਰਨ ਗੁੱਝੀਆਂ ਚੋਟਾਂ ।
ਚੌਸਰ ਖੇਡਣ ਵਾਲੇ ਚਾਤਰ,
ਭੁਲਣ ਚਾਲਾਂ ਗੋਟਾਂ ।

੧੨੦.