ਪੰਨਾ:ਨੂਰੀ ਦਰਸ਼ਨ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਥ ਬਲਿਹਾਰ ਹੋਇਆ

ਹਾੜੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ,
ਦਯਾ ਕਰਨ ਤੇ ਜਦੋਂ ਕਰਤਾਰ ਹੋਇਆ ।
'ਪਟਨੇ' ਸ਼ਹਿਰ ਵਿਚ ਕ੍ਰਿਪਾ ਦੀ ਲੈਹਰ ਆਈ,
ਵਿਚੋਂ 'ਲਾਲ' 'ਸੁੱਚਾ' ਪੈਦਾਵਾਰ ਹੋਇਆ ।
'ਮਾਤਾ ਗੁਜਰੀ' ਨੂੰ ਦਾਈ ਨੇ ਆਖਿਆ ਏ,
ਤੁਹਾਡੇ ਘਰ ਕੋਈ ਅੱਜ 'ਅਵਤਾਰ' ਹੋਇਆ ।
ਪਿਤਾ 'ਤੇਗ਼ ਬਹਾਦਰ' ਵਧਾਈਆਂ ਲੈ ਲੈ,
ਫੁਲ ਫੁਲ ਖੁਸ਼ੀ ਵਿਚ ਬਾਗ਼ ਬਹਾਰ ਹੋਇਆ ।

ਤੇਰਾ ਰੂਪ ਅਨੂਪ ਤੇ ਚੰਦ ਚੇਹਰਾ,
ਜੀਹਨੇ ਵੇਖਿਆ ਉਹੋ ਬਲਿਹਾਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ ।

ਆ ਕੇ 'ਪੰਡਤਾਂ' ਆਪ ਦੇ ਸ਼ਹਿਰ ਅੰਦਰ,
ਜਦੋਂ ਰੋ ਰੋ ਬੜਾ ਵਿਰਲਾਪ ਕੀਤਾ ।
ਇਹ 'ਹੱਤਿਆ' ਸੀਸ ਕੋਈ ਮੰਗਦੀ ਏ,
ਸੁਣਕੇ ਹੁਕਮ ਸੀ ਆਪ ਦੇ ਬਾਪ ਕੀਤਾ।
ਨੌਵੇਂ ਵਰ੍ਹੇ ਦੇ ਵਿਚ ਸਾਓ ਤੁਸੀਂ ਓਦੋਂ,
ਬੋਲ ਹੱਸਕੇ ਕੋਲੋਂ ਇਹ ਆਪ ਕੀਤਾ:-
'ਮੇਰੇ ਪਿਤਾ ਜੀ ! ਸੀਸ ਭੀ ਜਾਏ ਭਾਵੇਂ,
ਜਾਏ ਹਿੰਦ ਚੋਂ ਦੂਰ ਪਰ ਪਾਪ ਕੀਤਾ ।

'ਧਰਮ ਰਖਸ਼ਾ' ਵਾਲੀ ਇਹ ਗੱਲ ਸੁਣਕੇ ,
ਓਨ੍ਹਾ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ ।

੧੦੮.