ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਖ਼ਸੀਅਤ, ਪ੍ਰਤਿਭਾ ਅਤੇ ਵਸਤੂ ਦੇ ਫੈਲਾਅ ਤੇ ਪਸਾਰ ਦੇ ਮੁਤਾਬਕ ਹੀ ਸਮਾਂ ਤੇ ਸ਼ਬਦ ਹੋ ਸਕਦੇ ਹਨ।' ਇਥੇ ਇਹ ਤਾਂ ਠੀਕ ਹੈ ਕਿ ਵਸਤੂ ਦਾ ਫੈਲਾਅ ਤੇ ਪਸਾਰ ਸਮੇਂ` ਅਤੇ ਸ਼ਬਦਾਂ ਦੀ ਗਿਣਤੀ ਨੂੰ ਨਿਸ਼ਚਤ ਕਰ ਸਕਦੇ ਹਨ, ਅਤੇ ਇਹ ਗੱਲ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਸੰਤ ਸਿੰਘ ਸੇਖੋਂ ਅਤੇ ਕਰਤਾਰ ਸਿੰਘ ਦੁੱਗਲ ਦੇ ਕਥਨਾਂ ਵਿਚ ਮਿਲਦੀ ਹੈ, ਪਰ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਲੇਖਕ ਦੀ ਆਪਣੀ ਸ਼ਖ਼ਸੀਅਤ ਅਤੇ ਪ੍ਰਤਿਭਾ ਸਮੇਂ ਅਤੇ ਸ਼ਬਦਾਂ ਨੂੰ ਕਿਵੇਂ ਨਿਸ਼ਚਿਤ ਕਰਦੀਆਂ ਹਨ। ਨਾਲ ਹੀ ਇਹ ਲੇਖਕ ਆਪਣੀ ਉਪਰ ਕਹੀ ਗੱਲ -'ਸਮੇਂ ਦੀ ਖ਼ਾਸ ਹੱਦਬੰਦੀ ਦੀ ਕਰੜੀ ਪਾਲਣਾ ਨਹੀਂ ਹੋਣੀ ਚਾਹੀਦੀ' - ਦਾ ਵਿਰੋਧ ਕਰ ਜਾਂਦੇ ਹਨ, ਜਦੋਂ ਉਹ ਲਿਖਦੇ ਹਨ ਕਿ 'ਫਿਰ ਵੀ ਕਹਾਣੀ ਦਾ ਸਮਾਂ ਤੇ ਆਕਾਰ ਇਕ ਬੈਠਕ ਦੇ ਸਮੇਂ ਤੋਂ ਨਹੀਂ ਵਧਣਾ ਚਾਹੀਦਾ।' ਪਰ ਇਹ ਬੈਠਕ ਕਿੱਡੀ ਹੋਵੇ ? ਇਸ ਬਾਰੇ ਕੁਝ ਨਹੀਂ ਕਿਹਾ ਗਿਆ।

ਕਹਾਣੀ ਦੇ ਗੁਣ ਵਜੋਂ ਸੇਖੋਂ ਦੀ 'ਸਾਧਾਰਣਤਾ' ਅਤੇ ਡਾ. ਗੋਪਾਲ ਸਿੰਘ ਦੀ 'ਅਸਚਰਜਤਾ’ ਵਿਚੋਂ ਇਹ ਲੇਖਕ ਅਸਚਰਜਤਾ ਦੀ ਚੋਣ ਕਰਦੇ ਹਨ। 'ਨਿੱਕੀ ਕਹਾਣੀ ਦਾ ਵਿਸ਼ਾ ਕੋਈ ਸਾਧਾਰਣ-ਘਟਨਾ ਤੇ ਚਿਤਰ ਜਾਂ ਦਰਿਸ਼ ਨਹੀਂ' ਹੁੰਦਾ, ਸਗੋਂ ਪਰਭਾਵੇਸ਼ਾਲੀ ਤੇ ਨਾਟਕੀ ਘਟਨਾ ਵਾਲਾ ਹੀ ਹੋ ਸਕਦਾ ਹੈ। ਇਸ ਸੰਖੇਪ ਜਿਹੀ ਨਾਟਕੀ ਘਟਨਾ ਵਿਚ ਉਤਸੁਕਤਾ ਤੇ ਅਸਚਰਜਤਾ ਦਾ ਅੰਸ਼ ਜ਼ਰੂਰ ਹੋਣਾ ਚਾਹੀਦਾ ਹੈ।'

ਤਾਂ ਵੀ, ਕਹਾਣੀ ਸੁਭਾਵਕ ਲੱਗਣੀ ਚਾਹੀਦੀ ਹੈ ਅਤੇ ਇਹ ਸੁਭਾਵਕਤਾ ਉਪਜਾਣ ਲਈ ਘਟਨਾ ਨੂੰ ਕਿਸੇ ਗੋਦ ਵਿਚ ਬੰਨ੍ਹਣਾ ਬੜਾ ਜ਼ਰੂਰੀ ਹੈ। ਨਿੱਕੀ ਕਹਾਣੀ ਵਾਸਤੇ 'ਪਲਾਟ ਦੀ ਹੋਂਦ ਬੜੀ ਜ਼ਰੂਰੀ ਹੈ'। ਇਹ ਪਲਾਟ 'ਕਹਾਣੀ ਵਿਚ ਲਈਆਂ ਘਟਨਾਵਾਂ ਵਿਚ ਕਰਮ ਤੇ ਫਲ ਦਾ ਰਿਸ਼ਤਾ ਸਥਾਪਨ ਕਰਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਮੰਨਣਯੋਗ ਤੇ ਵਾਸਤਵਕ ਬਣਾ ਦੇਂਦਾ ਹੈ।

ਇਸ ਤਰਾਂ ਅਸੀਂ ਵੇਖਦੇ ਹਾਂ ਕਿ ਸਾਹਿਤ-ਸ਼ਾਸਤਰ ਦੀਆਂ ਉਪਰੋਕਤ ਦੋ ਪੁਸਤਕਾਂ ਨਿੱਕੀ ਕਹਾਣੀ ਦੇ ਸ਼ਾਸਤਰ ਸੰਬੰਧੀ ਨਿਸ਼ਚਿਤਤਾ ਵਿਚ ਕਹਾਣੀ-ਲੇਖਕਾਂ ਵਲੋਂ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਤੋਂ ਅੱਗੇ ਨਹੀਂ ਜਾਂਦੀਆਂ, ਪਰ ਅਨਿਸ਼ਚਿਤਤਾ ਜ਼ਰੂਰ ਕੁਝ ਵਧਾ ਦੇਦੀਆਂ ਹਨ - ਪਹਿਲੀ ਪੁਸਤਕ ਅਜੋਕੀ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਮੰਨਣ ਤੋਂ ਇਨਕਾਰ ਕਰਕੇ ਅਤੇ ਮਗਰਲੀ ਪੁਸਤਕ ਆਪਣੇ ਸਵੈ-ਵਿਰੋਧਾਂ ਅਤੇ ਭਾਵ-ਵਾਦੀ ਸੰਕਲਪਾਂ ਨੂੰ ਨਿਸ਼ਚਿਤਕਾਰੀ ਸਥਾਨ ਦੇਣ ਕਰਕੇ।

ਉਪ੍ਰੋਕਤ ਦੋਹਾਂ ਪੁਸਤਕਾਂ ਦੀ ਸੀਮਾ ਇਸ ਸਮੇਂ ਨਿੱਕੀ ਕਹਾਣੀ ਦੇ ਸ਼ਾਸਤਰ ਅਤੇ ਇਤਿਹਾਸ ਬਾਰੇ ਲਿਖੀਆਂ ਗਈਆਂ ਬਾਕੀ ਕਿਤਾਬਾਂ ਦੀ ਵੀ ਸੀਮਾ ਹੈ।

ਨਿੱਕੀ ਕਹਾਣੀ ਦੇ ਸ਼ਾਸਤਰ ਦੇ ਇਤਿਹਾਸ ਵਿਚ ਝੂਠੀਆਂ ਸੱਚੀਆਂ ਪਾਠ-ਪੁਸਤਕ ਦੀ ਸੰਤ ਸਿੰਘ ਸੇਖੋਂ ਵਲੋਂ ਲਿਖੀ ਗਈ ਭੂਮਿਕਾ ਮੀਲ-ਪੱਥਰ ਹੈ। ਇਸ ਭੂਮਿਕਾ ਦਾ ਜ਼ਿਕਰ ਅਸੀਂ ਪਿਛਲੇ ਕਾਂਡ ਵਿਚ ਕਰ ਆਏ ਹਾਂ। ਇਸ ਤੋਂ ਮਗਰੋਂ ਨਿੱਕੀ ਕਹਾਣੀ