ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਪੰਜਾਬੀ ਸਾਹਿਤਕਾਰ ਲਈ ਇਹ ਸਾਲ ਬੌਧਕ ਅਤੇ ਭਾਵਕ ਸੰਕਟ ਦਾ ਸਾਲ ਸੀ, ਜਦੋਂ ਉਸ ਦੀ ਆਪਣੀ ਪਛਾਣ ਤਿੜਕ ਗਈ। ਇਸ ਤਿੜਕੀ ਪਛਾਣ ਨੂੰ ਉਸ ਨੇ ਹਿੰਦੂ-ਮੁਸਲਿਮ-ਸਿੱਖ ਇਤਿਹਾਦ ਦੇ ਆਦਰਸ਼ ਨਾਲ ਮੁੜ ਜੋੜਨ ਦੀ ਕੋਸ਼ਿਸ਼ ਕੀਤੀ। ਸਾਡੇ ਸਥਾਪਤ ਕਹਾਣੀਕਾਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਆਦਰਸ਼ ਨੂੰ ਅਰਪਿਤ ਹਨ, ਜਿਹੜਾ ਆਦਰਸ਼ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਸਾਡੀ ਕੌਮੀ ਪਛਾਣ ਬਣ ਗਿਆ ਸੀ। ਉਸ ਸਮੇਂ ਨਾਨਕ ਸਿੰਘ, ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ', ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ ਅਤੇ ਨਵਤੇਜ ਸਿੰਘ ਅਤੇ ਲਗਭਗ ਹਰ ਸਥਾਪਤ ਅਤੇ ਉੱਭਰ ਰਹੇ ਕਹਾਣੀਕਾਰ ਨੇ ਇਸ ਆਦਰਸ਼ ਨੂੰ ਮੁੱਖ ਰੱਖ ਕੇ ਕਹਾਣੀਆਂ ਲਿਖੀਆਂ।

ਖ਼ਾਸ ਦੌਰਾਂ ਵਿਚ ਕੌਮੀ ਪਛਾਣ ਵਿਸ਼ੇਸ਼ ਹਸਤੀਆਂ ਨਾਲ ਵੀ ਜੁੜ ਸਕਦੀ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿਚ ਖ਼ਾਸ ਕਰਕੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦਾ ਜ਼ਿਕਰ ਇਸ ਤਰ੍ਹਾਂ ਨਾਲ ਆਉਂਦਾ ਰਿਹਾ ਹੈ। ਦੁੱਗਲ ਦੀਆਂ ਕੁਝ ਕਹਾਣੀਆਂ ਦੇ ਪ੍ਰਤੱਖ ਜਾਂ ਪੱਖ ਨਾਇਕ ਇਹ ਹਸਤੀਆਂ ਹਨ। ਨਵਤੇਜ ਦੀਆਂ ਕਹਾਣੀਆਂ ਵਿਚ ਕਿਤੇ ਕਿਤੇ ਪੰਡਤ ਨਹਿਰੂ ਦਾ ਵਡਿਆਵਾਂ ਜ਼ਿਕਰ ਮਿਲਦਾ ਹੈ। ਇਕ ਖ਼ਾਸ ਸਮੇਂ ਲੋਕਨਾਇਕ ਵਜੋਂ ਪੰਡਤ ਨਹਿਰੂ ਦਾ ਉਭਰਨਾ ਉਸ ਨੂੰ ਕੌਮੀ ਪਛਾਣ ਨਾਲ ਇਕਮਿਕ ਕਰਦਾ ਹੈ। ਪਰ ਹਸਤੀਆਂ ਨਾਲ ਕੌਮੀ ਪਛਾਣ ਦਾ ਜੁੜਿਆ ਰਹਿਣਾ ਆਖ਼ਰ ਉਪਯੋਗੀ ਨਹੀਂ ਰਹਿੰਦਾ, ਕਿਉਂਕਿ ਇਹ ਹਸਤੀਆਂ ਸੰਕਟ-ਸਥਿਤੀ ਦੀ ਵੰਗਾਰ ਨੂੰ ਕਬੂਲਦਿਆਂ ਐਸੇ ਆਦਰਸ਼ਾਂ ਦੇ ਸਾਕਾਰ ਰੂਪ ਵਜੋਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਲਈ ਕੋਈ ਕੌਮ ਉਸ ਵੇਲੇ ਲੜ ਰਹੀ ਹੁੰਦੀ ਹੈ। ਪਰ ਅਕਸਰ ਇਹ ਵੀ ਵਾਪਰ ਸਕਦਾ ਹੈ ਅਤੇ ਵਾਪਰਦਾ ਰਿਹਾ ਹੈ ਕਿ ਸਮਾਂ ਪਾ ਕੇ ਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਸੰਕਟ ਨੂੰ ਕਾਇਮ ਰੱਖਣਾ ਇਹ ਹਸਤੀਆਂ ਆਪਣਾ ਲਕਸ਼ ਬਣਾ ਲੈਂਦੀਆਂ ਹਨ। ਦੂਜੀ ਗੱਲ ਅਕਸਰ ਇਹ ਵਾਪਰਦੀ ਹੈ ਕਿ ਹਸਤੀਆਂ ਕਾਇਮ ਰਹਿੰਦੀਆਂ ਹਨ, ਅਸੂਲ ਅਤੇ ਆਦਰਸ਼, ਜਿਨ੍ਹਾਂ ਨੂੰ ਉਹ ਸੰਬੰਧਤ ਸਮੇਂ ਵਿਚ ਸਾਕਾਰ ਕਰ ਰਹੀਆਂ ਹੁੰਦੀਆਂ ਹਨ, ਪਿੱਛੇ ਪੈ ਜਾਂਦੇ ਅਤੇ ਅਕਸਰ ਭੁੱਲ ਜਾਂਦੇ ਹਨ। ਇਸ ਸੰਬੰਧ ਵਿਚ ਦੋ ਕਹਾਣੀਆਂ ਧਿਆਨ ਵਿਚ ਆਉਂਦੀਆਂ ਹਨ -- ਇਕ, ਕਰਤਾਰ ਸਿੰਘ ਦੁੱਗਲ ਦੀ ਸਤਾਈ ਮਈ, ਦੋ ਵਜੇ ਬਾਅਦ ਦੁਪਹਿਰ ਅਤੇ ਦੂਜੀ ਗੁਲਜ਼ਾਰ ਸਿੰਘ ਸੰਧੂ ਦੀ ‘ਲੋਕ-ਨਾਇਕ'। ਦੋਵੇਂ ਕਹਾਣੀਆਂ ਪੰਡਿਤ ਨਹਿਰੂ ਦੀ ਮੌਤ ਦੀ ਖ਼ਬਰ ਤੋਂ ਉਪਜੇ ਪ੍ਰਤਿਕਰਮਾਂ ਨੂੰ ਪੇਸ਼ ਕਰਦੀਆਂ ਹਨ। ਦੋਵੇਂ ਯਥਾਰਥਕ ਹੋ ਸਕਦੀਆਂ ਹਨ, ਪਰ ਸੰਧੂ ਦੀ ਕਹਾਣੀ ਪਹਿਲਾਂ ਹੀ ਉਸ ਖ਼ਦਸ਼ੇ ਨੂੰ ਸੱਚ ਹੁੰਦਾ ਦਸਦੀ ਹੈ, ਜਿਹੜਾ ਅਸੀਂ ਉੱਪਰ ਪ੍ਰਗਟ ਕੀਤਾ ਹੈ। ਇਸ ਵਿਚ ਹਸਤੀ ਦੀ ਪੂਜਾ ਸ਼ੁਰੂ ਹੈ, ਪਰ ਉਸ ਦੇ ਅਸੂਲਾਂ ਨੂੰ ਭੁਲਾ ਦਿਤਾ ਗਿਆ ਹੈ।

ਕੌਮੀ ਉਸਾਰੀ ਦੇ ਪਿੜ ਵਿਚ ਘਾਲਣਾਵਾਂ ਅਤੇ ਪ੍ਰਾਪਤੀਆਂ ਕੌਮੀ ਗੌਰਵ ਦਾ

153