ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸਥਾਰ ਵਿਚ ਬਿਆਨ ਕਰ ਦੇਣਾ ਉਸ ਨੂੰ ਠੋਸ ਨਹੀਂ ਬਣਾਉਂਦਾ। ਉਸ ਨੂੰ ਠੋਸ ਬਣਾਉਣ ਵਾਲੀ ਚੀਜ਼ ਇਹ ਹੁੰਦੀ ਹੈ ਕਿ ਕਿਸੇ ਖ਼ਾਸ ਇਤਿਹਾਸਕ ਪੜਾਅ ਉਤੇ ਉਹ ਆਪਣੇ ਚੁਗਿਰਦੇ ਨਾਲ ਕਿਹੜੀਆਂ ਤੰਦਾਂ ਨਾਲ ਜੁੜੇ ਹੋਏ ਹਨ ਅਤੇ ਕੀ ਰੋਲ ਅਦਾ ਕਰੋ ਰਹੇ ਹਨ। ਇਹ ਇਤਿਹਾਸਕਤਾ ਇਕ ਮਹੱਤਵਪੂਰਣ ਲੋੜ ਹੈ। ਆਮ ਕਿਹਾ ਜਾਂਦਾ ਹੈ ਕਿ ਇਤਿਹਾਸ ਲੋਕ ਸਿਰਜਦੇ ਹਨ। ਸਾਹਿਤ ਲਈ ਜ਼ਰੂਰੀ ਇਹ ਹੈ ਕਿ ਉਹ ਲੋਕਾਂ ਨੂੰ ਇਸ ਇਤਿਹਾਸ ਸਿਰਜਣ ਦੀ ਪ੍ਰਕਿਰਿਆ ਦੇ ਦੌਰਾਨ ਜਾਂ ਇਸ ਦੇ ਪਿਛੋਕੜ ਵਿਚ ਦੇਖੇ, ਇਸ ਪ੍ਰਕਿਰਿਆ ਦੇ ਨਾਲ ਉਹਨਾਂ ਦੇ ਸੰਬੰਧ ਨੂੰ ਉਘਾੜੇ। ਇਹ ਗੱਲ ਨਿੱਕੀ ਕਹਾਣੀ ਵਿਚ ਵੀ ਕੀਤੀ ਜਾ ਸਕਦੀ ਹੈ, ਅਤੇ ਸਫਲਤਾ ਨਾਲ ਕਈ ਲੇਖਕਾਂ ਵਲੋਂ ਕੀਤੀ ਵੀ ਗਈ ਹੈ।

ਅੱਜ ਸਿਰਫ਼ ਗ਼ਰੀਬ, ਮਜ਼ਦੂਰ ਜਾਂ ਮੁਜ਼ਾਰਾ ਹੋਣਾ ਕਿਸੇ ਨੂੰ ਸਾਡੀ ਹਮਦਰਦੀ ਦਾ ਪਾਤਰ ਨਹੀਂ ਬਣਾ ਸਕਦਾ, ਜਾਂ ਕਿਸੇ ਦਾ ਅਮੀਰ, ਸਰਮਾਏਦਾਰ, ਕਾਰਖ਼ਾਨੇਰੇ, ਜ਼ਿਮੀਂਦਾਰ ਹੋਣਾ ਉਸ ਨੂੰ ਸਾਡੀ ਨਫ਼ਰਤ ਦਾ ਪਾਤਰ ਨਹੀਂ ਬਣਾ ਦੇਂਦਾ। ਹਮਦਰਦੀ ਜਾਂ ਨਫ਼ਰਤ ਉਜਾਗਰ ਕਰਨਾ ਵੈਸੇ ਵੀ ਉੱਤਮ ਸਾਹਿਤ ਦੇ ਲੱਛਣ ਨਹੀਂ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਸਮਕਾਲੀ ਇਤਿਹਾਸਕ ਪ੍ਰਕਿਰਿਆ ਦੇ ਸੰਦਰਭ ਵਿਚ ਵਿਅਕਤੀ ਦਾ ਰੋਲ ਉਭਰ ਕੇ ਸਾਹਮਣੇ ਆਏ, ਇਸ ਪ੍ਰਕਿਰਿਆ ਵਿਚ ਉਸ ਦਾ ਸਥਾਨ ਸਪਸ਼ਟ ਹੋਵੇ।

ਇਸ ਪੱਖੋਂ ਦੇਖਿਆਂ ਸ. ਤਰਸੇਮ ਦੀਆਂ ਲਗਭਗ ਸਾਰੀਆਂ ਕਹਾਣੀਆਂ ਦੇ ਪਾਤਰ ਨਿਗੁਣੇ ਪਾਤਰ ਹਨ, ਜਿਹੜੇ ਇਤਿਹਾਸਕ ਪ੍ਰਕਿਰਿਆ ਦੇ ਨਾਲ ਨਫ਼ੀ ਸਾਪੇਖਤਾਂ ਰਖਦੇ ਹਨ। ਨਿਗੂਣੇ ਉਹ ਇਸ ਕਰਕੇ ਨਹੀਂ ਕਿ ਉਹ ਹੇਠਲੀਆਂ ਸ਼ਰੇਣੀਆਂ ਨਾਲ ਸੰਬੰਧ ਰੱਖਦੇ ਹਨ। ਨਿਗੁਣੇ ਉਹ ਇਸ ਲਈ ਹਨ ਕਿ ਉਹ ਆਪਣੇ ਹੀ ਘਟੀਆ ਪੱਧਰ ਦੇ ਜੀਵਨ ਵਿਚ ਗ੍ਰਸੇ ਹੋਏ ਆਪਣੀਆਂ ਨਿਗੂਣੀਆਂ ਖ਼ਾਹਸ਼ਾਂ, ਲੋੜਾਂ, ਹੇਰਵਿਆਂ ਨੂੰ ਸਭ ਕੁਝ ਸਮਝੀ ਬੈਠੇ ਹਨ। ਇਸੇ ਪੱਖ ਤੋਂ ਹੀ ਉਹ ਜ਼ਿੰਦਗੀ ਬਾਰੇ ਵੀ ਟਿੱਪਣੀ ਕਰਦੇ ਹਨ। ਅਤੇ ਇਸੇ ਗੱਲ ਤੋਂ ਉਹ ਚੇਤੰਨ ਨਹੀਂ ਕਿ ਉਹ ਕਿਸ ਪੱਧਰ ਦੀ ਜ਼ਿੰਦਗੀ ਜਿਉਂ ਰਹੇ ਹਨ। ਨਾ ਹੀ ਲੇਖਕ ਦਾ ਇਹ ਦੱਸਣ ਦਾ ਯਤਨ ਹੈ ਕਿ ਉਹ ਕਿਸ ਪੱਧਰ ਦਾ ਜੀਵਨ ਜਿਉਂ ਰਹੇ ਹਨ।

ਇਸ ਤਰ੍ਹਾਂ ਦੇ ਪਾਤਰ ਸਾਹਿਤ ਵਿਚ ਵਰਜਿਤ ਨਹੀਂ। ਪਰ ਇਤਿਹਾਸਕ ਕਿਰਿਆਂ ਦੇ ਨਾਲ ਉਹਨਾਂ ਦੀ ਇਹ ਨਫ਼ੀ ਸਾਪੇਖਤਾ ਜੇ ਉਘੜਦੀ ਨਹੀਂ, ਤਾਂ ਉਹ ਇਕ ਗ਼ਲਤੇ ਜਿਹਾ ਪ੍ਰਭਾਵ ਪੈਦਾ ਕਰਨ ਦਾ ਖ਼ਤਰਾ ਹਮੇਸ਼ਾਂ ਬਣੇ ਰਹਿੰਦੇ ਹਨ।

ਇਸ ਸਾਰੇ ਕੁਝ ਦਾ ਹੀ ਸਿੱਟਾ ਇਹ ਨਿਕਲਿਆ ਹੈ ਕਿ ਵਿਸਥਾਰ ਦਾ ਪਿਆਰ ਵੀ ਕਹਾਣੀਆਂ ਵਿਚ ਠੋਸਣ ਭਰਨ ਦੀ ਥਾਂ ਇਕ ਰੇਤ ਵਰਗੀ ਤਰਲਤਾ ਜਿਹੀ ਲੈ ਆਉਂਦਾ ਹੈ, ਜਿਸ ਨਾਲ ਸਾਰਾ ਕੁਝ ਹੱਥਾਂ ਵਿਚੋਂ ਕਿਰ ਜਾਂਦਾ ਹੈ।

ਕਹਾਣੀਆਂ ਦੀ ਭਾਸ਼ਾ ਇਕ ਹੋਰ ਚੀਜ਼ ਹੈ ਜਿਹੜੇ ਕਿਸੇ ਵੀ ਸੁਹਜ ਰੱਖਣ ਵਾਲੇ

148