ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਰੂਪਾਂ ਦੇ ਨਿਖੇੜ ਵਿਚ ਮਾਤਰਾ ਦੇ ਪੱਖੋਂ ਤਾਂ ਇਹ ਫ਼ਰਕ ਪਾ ਸਕਦਾ ਹੈ, ਗੁਣ ਦੇ ਪੱਖੋਂ ਨਹੀਂ।

ਪਰ ਤਾਂ ਵੀ ਅਸੀਂ ਮਹਿਸੂਸ ਜ਼ਰੂਰ ਕਰ ਲੈਂਦੇ ਹਾਂ ਕਿ ਕੋਈ ਰਚਨਾ ਨਿੱਕੀ ਕਹਾਣੀ ਹੈ ਜਾਂ ਨਹੀਂ। ਤਾਂ ਫਿਰ ਕਿਉਂ ਨਾ ਇਸ ਅਹਿਸਾਸ ਨੂੰ ਹੀ ਅਸੀਂ ਨਿੱਕੀ ਕਹਾਣੀ ਦੇ ਕਾਵਿ-ਸ਼ਾਸਤਰ ਦਾ ਤੀਜਾ ਨਿਖੇੜਵਾਂ ਲੱਛਣ ਮੰਨ ਲਈਏ? ਆਖ਼ਰ ਹਜ਼ਾਰਾਂ ਸਾਲਾਂ ਦੀ ਕਾਵਿ-ਸ਼ਾਸਤਰ ਦੀ ਹੋਂਦ ਤੋਂ ਮਗਰੋਂ ਵੀ ਅਸੀਂ ਮਹਿਸੂਸ ਕਰ ਕੇ ਹੀ ਪਛਾਣਦੇ ਹਾਂ ਕਿ ਕੋਈ ਰਚਨਾ ਕਵਿਤਾ ਹੈ ਜਾਂ ਨਹੀਂ। ਕਿਸੇ ਵੀ ਸਾਹਿਤ-ਰੂਪ ਦੀ ਹੋਂਦ ਉਸ ਦੇ ਬਾਹਰਲੇ ਗੁਣਾਂ ਉਤੇ ਹੀ ਆਧਾਰਿਤ ਨਹੀਂ ਹੁੰਦੀ, ਸਗੋਂ ਪਹਿਲੀ ਥਾਂ ਉਸ ਦੇ ਅੰਦਰਲੇ ਪ੍ਰਭਾਵ ਦੀ ਵਿਲੱਖਣਤਾ ਉਤੇ ਆਧਾਰਿਤ ਹੁੰਦੀ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਇਸ ਵਿਲੱਖਣ ਪ੍ਰਭਾਵ ਨੂੰ ਪਛਾਣਦੇ ਹੋਏ ਵੀ ਇਸ ਨੂੰ ਕੋਈ ਨਿਸ਼ਚਿਤ ਨਾਂ ਦੇ ਸਕੀਏ।

ਇਹ ਅੰਦਰਲੇ ਪ੍ਰਭਾਵ ਨੂੰ ਮਹਿਸੂਸ ਕਰ ਸਕਣ ਦੀ ਸ਼ਕਤੀ ਜਦੋਂ ਸਾਹਿਤ ਦਾ ਰੂਪ ਨਿਰਧਾਰਿਤ ਕਰਨ ਵਿਚ ਨਿਰਣਈ ਅੰਸ਼ ਵਜੋਂ ਆਉਂਦੀ ਹੈ, ਤਾਂ ਇਹ ਭਾਵ-ਵਾਚੀ, ਅੰਤਰਮੁਖੀ, ਵਿਅਕਤੀਗਤ ਨਹੀਂ ਹੋ ਸਕਦੀ।

ਇਸ ਦਾ ਆਧਾਰ ਬੇਸ਼ਕ ਵਿਸ਼ਾਲ ਤੋਂ ਵਿਸ਼ਾਲ ਤਜਰਬੇ ਅਤੇ ਗਿਆਨ, ਨਿਖੇੜ ਕਰ ਸਕਣ ਵਾਲੀ ਸੂਝ ਅਤੇ ਸਾਂਝੇ ਆਧਾਰ ਉਤੇ ਆਮਿਆਉਣ ਦੀ ਸਮਰਥਾ ਰਖਦੀ ਵਿਵੇਕ ਬੁੱਧੀ ਉਤੇ ਹੀ ਹੋਵੇਗਾ। ਇਹ ਤਿੰਨੇ ਚੀਜ਼ਾਂ ਕਿਸੇ ਵੀ ਵਿਗਿਆਨੀ ਦੇ ਲਾਜ਼ਮੀ ਸੰਦ ਹਨ- ਇਤਿਹਾਸਕਾਰ ਦੇ ਵੀ, ਨਿੱਕੀ ਕਹਾਣੀ ਦੇ ਇਤਿਹਾਸਕਾਰ ਦੇ ਵੀ। ਇਸ ਨਾਲ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਅੰਤਰਮੁਖੀ ਪ੍ਰੇਰਨਾਵਾਂ ਅਤੇ ਪ੍ਰਤਿਕਰਮਾਂ ਦੇ ਵਧਣ ਦਾ ਖ਼ਤਰਾ ਹੋ ਸਕਦਾ ਹੈ। ਪਰ ਜੇ ਆਧਾਰ ਵਸਤੂ ਅਤੇ ਰੂਪ ਦੇ ਤਾਰਕਿਕ ਵਿਸ਼ਲੇਸ਼ਣ ਨੂੰ ਬਣਾਇਆ ਜਾਏ ਤਾਂ ਇਸ ਖ਼ਤਰੇ ਨੂੰ ਕਾਫ਼ੀ ਹੱਦ ਤਕ ਟਾਲਿਆ ਜਾ ਸਕਦਾ ਹੈ।

ਪੰਜਾਬੀ ਕਹਾਣੀ ਦਾ ਨਿਕਾਸ ਉਲੀਕਣ ਵਿਚ ਸਾਡੇ ਇਤਿਹਾਸਕਾਰ ਪੱਛਮੀ ਧਾਰਨਾਵਾਂ ਦੇ ਬਰਾਬਰ ਚਲਦੇ ਹਨ, ਜਿਨ੍ਹਾਂ ਅਨੁਸਾਰ ਕਹਾਣੀ ਕਹਿਣਾ ਅਤੇ ਇਸ ਨੂੰ ਸੁਨਣ ਲਈ ਉਤਸੁਕਤਾ ਰੱਖਣਾ,ਮਨੁੱਖ ਦੀਆਂ ਮੂਲ ਬਿਰਤੀਆਂ ਵਿਚ ਸ਼ਾਮਲ ਹੈ। ਉਹਨਾਂ ਅਨੁਸਾਰ, ਇਹ ਸਿਰਫ਼ ਪ੍ਰਾਪਤ ਨਹੀਂ ਹੋ ਸਕੀ, ਨਹੀਂ ਤਾਂ ਬਾਬੇ ਆਦਮ ਨੇ ਵੀ ਬੇਬੇ ਹਵਾ ਨੂੰ ਆਪਣੇ ਮਾਅਰਕਿਆਂ ਦੀ ਕੋਈ ਕਹਾਣੀ ਜ਼ਰੂਰ ਸੁਣਾਈ ਹੋਵੇਗਾ। ਇਸ ਦੀ ਗੈਰ-ਹਾਜ਼ਰੀ ਵਿਚ ਫਿਰ ਉਹ "ਡੈਡ ਸੀ ਸਕਰਾਲਜ਼" (Dead Sea Scrolls) ਨੂੰ ਜਾਂ ਲਿਖਤੀ ਰੂਪ ਵਿਚ ਮਿਲਣ ਵਾਲੀਆਂ ਪਹਿਲੀਆਂ ਕਿਰਤਾਂ ਨੂੰ ਜਿਨ੍ਹਾਂ ਵਿਚ ਕਹਾਣੀ ਦਾ ਅੰਸ਼ ਮਿਲਦਾ ਸੀ, ਨਿੱਕੀ ਕਹਾਣੀ ਦਾ ਮੁੱਢ ਮਿੱਥ ਲੈਦੇ ਹਨ। ਘੱਟ ਕਲਪਣਾ ਦਾ ਪ੍ਰਗਟਾਵਾ ਕਰਨ ਵਾਲੇ ਇਸ ਦੇ ਆਰੰਭ ਨੂੰ ਬੋਕੋਸ਼ਿਓ ਦੀ "ਡੀਕੈਮੇਰਾਨ" (Decameron)

9