ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਕੱਚਾ ਦੁੱਧ) ਚਿੱਠੀ-ਪੱਤਰ ਰਾਹੀਂ ਲਿਖੀਆਂ ਗਈਆਂ ਹਨ। “ਇਕੱਲੀ" (ਇੱਕ ਛਿੱਟ ਚਾਨਣ ਦੀ) ਇਕ ਪਾਸੜ ਟੈਲੀਫ਼ੋਨ ਗੱਲ-ਬਾਤ ਹੈ। ਕਈ ਕਹਾਣੀਆਂ ਵਿਚ ਦੁੱਗਲ ਸਾਰਾ ਕੁਝ ਬਿਆਨ ਕਰ ਜਾਂਦਾ ਹੈ, ਪਰ ਅੰਤ ਪਾਠਕ ਦੀ ਕਲਪਣਾ ਉਤੇ ਛੱਡ ਦੇਂਦਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ 'ਕਹਾਣੀ ਦਾ ਕੀ ਅੰਤ ਹੁੰਦਾ ਹੈ, ਇਹ ਮਹੱਤਵਪੂਰਨ ਨਹੀਂ, ਪਰ ਇਹ ਪਾਤਰ ਇਸ ਤਰਾਂ ਦਾ ਕੁਹਜਾ ਜੀਵਨ ਜਿਊ ਰਹੇ ਹਨ। "ਫ਼ੈਨ” (ਕੁੜੀ ਕਹਾਣੀ ਕਰਦੀ ਗਈ, 1920) ਅਤੇ “ਜਦੋਂ ਔਰਤ ਹਾਰਦੀ ਹੈ" (ਗੌਰਜ) ਇਸ ਤਰ੍ਹਾਂ ਦੀਆਂ ਕਹਾਣੀਆਂ ਹਨ। “ਬੁਜ਼ਦਿਲ" (ਕੁੜੀ ਕਹਾਣੀ ਕਰਦੀ ਗਈ) ਵਿੱਚ ਉਸ ਨੇ ਮਨੋ-ਵਿਸ਼ਲੇਸ਼ਣ ਦੀ ਤਕਨੀਕ ਵਰਤੀ ਹੈ, ਜਦ ਕਿ "ਸਵੇਰ ਸਾਰ" (ਸਵੇਰ ਸਾਰ) ਅਤੇ ਹੁਣ ਪੌੜੀਆਂ ਸਾਫ਼ ਹਨ" (ਇੱਕ ਛਿੱਟ ਚਾਨਣ ਦੀ) ਵਿਚ ਉਹ ਚੇਤਨਾ-ਪ੍ਰਵਾਹ ਦੋ ਢੰਗ ਨੂੰ ਆਪਣਾ ਵਾਹਣ ਬਣਾਉਂਦਾ ਹੈ। ਪਾਤਰ ਨੂੰ ਸੰਕਟਸਥਿਤੀ ਜਾਂ ਮਰਨ-ਸਥਿਤੀ ਵਿਚ ਪਾ ਕੇ ਸਮਾਧਾਨ ਕਿਸੇ ਅੰਤ੍ਰੀਵਕ ਸੂਝ ਦੀ ਲਿਸ਼ਕ ਨਾਲ ਕਰਾਉਣਾ ਅਸਤਿਤਵਵਾਦੀ ਢੰਗ ਹੈ, ਜਿਹੜਾ ਦੁੱਗਲ ਨੇ "ਇਕ ਛਿੱਟ ਚਾਨਣ ਦੀ" ਵਿਚ ਅਤੇ “ਕਿਉਂ, ਉਹੀ ਕਿਉਂ?" (ਮਾਜ੍ਹਾ ਨਹੀਂ ਮੋਇਆ) ਵਿਚ ਵਰਤਿਆ ਹੈ। ਪਰ ਅਸਤਿਤਵਵਾਦੀ ਫ਼ਿਲਾਸਫ਼ੀ ਦੁੱਗਲ ਨੇ ਨਹੀਂ ਅਪਣਾਈ ਕਿਉਂਕਿ ਵਿਕਾਸਸ਼ੀਲ ਦੇਸ਼ਾਂ ਅਤੇ ਸਮਾਜਾਂ ਦੀ ਸੂਰਤ ਵਿਚ ਕਾਰਜ ਅਤੇ ਉਦਮ ਦੀ ਨਿਹਫਲਤਾ ਅਤੇ ਜੀਵਨ ਤੇ ਉਦਾਸੀਨਤਾ ਦਾ ਅਹਿਸਾਸ ਭਰਨਾ ਕਿਸੇ ਸੁਹਿਰਦ ਲੇਖਕ ਲਈ ਅਸੰਭਵ ਹੈ।

ਰੂਪ ਅਤੇ ਤਕਨੀਕ ਦੀ ਇਹ ਸਾਰੀ ਵੰਨਗੀ ਕਿਸੇ ਪ੍ਰਯੋਗਵਾਦੀ ਫ਼ੈਸ਼ਨ ਅਧੀਨ ਹੋਂਦ ਵਿਚ ਨਹੀਂ ਆਈ, ਸਗੋਂ ਹਰ ਵਿਸ਼ੇ-ਵਸਤੂ ਲਈ ਉਚਿਤ ਰੂਪ ਲੱਭਣ ਦੇ ਚੇਤਨ ਯਤਨ ਦਾ ਸਿੱਟਾ ਹੈ।

ਦੁੱਗਲ ਸਾਡਾ ਇਕ ਕਹਾਣੀਕਾਰ ਹੈ, ਜਿਸ ਦੀ ਰਚਨਾ ਦੇ ਵਿਸ਼ਲੇਸ਼ਣ ਵਿਚ ਜਿੰਨਾ ਡੂੰਘਾ ਉਤਰੀ ਜਾਓ, ਉਹ, ਇਸ ਯਤਨ ਦੇ, ਸਾਰਥਕ ਹੋਣ ਦਾ ਅਤੇ ਇਸ ਨੂੰ ਸੰਤੁਸ਼ਟ ਕਰਨ ਦਾ ਅਹਿਸਾਸ ਭਰਦੀ ਜਾਂਦੀ ਹੈ।

12.10.81

109