ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਤ; ਇਹਨਾਂ ਵਿਚ ਆਰਥਕਤਾ, ਸਭਿਆਚਾਰ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਹਨ, ਉਹਨਾਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ। ਦੁੱਗਲ ਦੀ ਨਿੱਕੀ ਕਹਾਣੀ ਸਥਾਨਕ ਰੰਗਤ ਤੋਂ ਲੈ ਕੇ ਕੌਮਾਂਤਰੀ ਪਸਾਰ ਤਕ ਨੂੰ ਕਲਾਵੇ ਵਿਚ ਲੈਂਦੀ ਹੈ।

ਇਸ ਸਾਰੀ ਬਹੁ-ਰੰਗਤਾ ਅਤੇ ਬਹੁਭਾਂਤਕਤਾ ਨੂੰ ਇਕ ਇਕਾਈ ਵਿਚ ਪ੍ਰੋਣ ਵਾਲੀ ਚੀਜ਼ ਦੁੱਗਲ ਦਾ ਜੀਵਨ ਪ੍ਰਤਿ ਦ੍ਰਿਸ਼ਟੀਕੋਨ, ਉਸ ਦਾ ਜੀਵਨ-ਫ਼ਲਸਫ਼ਾ ਹੈ। ਇਸ ਫ਼ਲਸਫ਼ੇ ਦੇ ਕਈ ਪਹਿਲੂ ਹਨ। ਸੁੰਦਰਤਾ ਇਸ ਦਾ ਇਕ ਪਹਿਲੂ ਹੈ - ਸੁੰਦਰਤਾ ਦੀ ਪਛਾਣ, ਸੁੰਦਰਤਾ ਦੀ ਸਿਰਜਣਾ, ਸੁੰਦਰਤਾ ਦੀ ਪ੍ਰਸੰਸਾ, ਸੁੰਦਰਤਾ ਲਈ ਭੁੱਖ ਅਤੇ ਇਸ ਭੁੱਖ ਦੀ ਸੁਭਾਵਕ ਸੰਤੁਸ਼ਟੀ। ਇਸ ਵਿਚ ਸ਼ਾਇਦ ਪਹਾਰ ਪਿਛੋਕੜ ਦਾ ਬਹੁਤਾ ਹੱਥ ਹੈ। ਰਵਾਦਾਰੀ ਇਸ ਦਾ ਦੂਜਾ ਪਹਿਲ ਹੈ - ਰਵਾਦਾਰੀ ਧਾਰਮਕ ਮਾਮਲਿਆਂ ਵਿਚ, ਰਵਾਦਾਰੀ ਰਾਜਨੀਤਕ ਵਿਸ਼ਵਾਸਾਂ ਵਿਚ, ਰਵਾਦਾਰੀ ਦੁਜੇ ਦਾ ਦ੍ਰਿਸ਼ਟੀਕੋਨੇ ਸੁਣਨ, ਸਮਝਣ ਅਤੇ ਬਰਦਾਸ਼ਤ ਕਰਨ ਵਿਚ, ਰਵਾਦਾਰੀ ਹਰ ਐਸੇ ਮਸਲੇ ਉਤੇ ਜਿਥੇ ਕੋਈ ਰਗੜ ਚੰਗਾੜੀ ਤੇ ਫਿਰ ਅੱਗ ਪੈਦਾ ਕਰ ਸਕਦੀ ਹੈ। ਇਸੇ ਪਹਿਲ਼ ਦਾ ਪਸਾਰ ਉਸ ਦਾ ਮਾਨਵਵਾਦ ਹੈ। ਮਹਾਤਮਾ ਗਾਂਧੀ ਅਤੇ ਗਾਂਧੀਵਾਦ ਪ੍ਰਤਿ ਉਸ ਦੀ ਹਮਦਰਦੀ ਉਸ ਦੇ ਉਪਰੰਕ ਤੇ ਜੀਵਨ-ਫ਼ਲਸਫ਼ੇ ਵਿਚੋਂ ਹੀ ਨਿਕਲਦੀ ਹੈ।

ਸਮੁੱਚੇ ਤੌਰ ਉਤੇ ਅਸੀਂ ਦੁੱਗਲ ਦੇ ਜੀਵਨ-ਫ਼ਲਸਫ਼ੇ ਨੂੰ ਬੂਰਜੁਆ ਜਮਹੂਰੀ ਮਾਨਵਵਾਦ ਦਾ ਨਾਂਅ ਦੇ ਸਕਦੇ ਹਾਂ। ਇਸ ਫ਼ਲਸਫ਼ੇ ਨੇ ਕੌਮੀ ਆਜ਼ਾਦੀ ਦੀ ਲਹਿਰ ਵੇਲੇ ਜਨਮ ਧਾਰਿਆ ਸੀ, ਇਹ ਫ਼ਲਸਫ਼ਾ ਕੁਝ ਹੋਰ ਅਗਾਂਹ-ਵਧੂ ਅੰਸ਼ ਆਪਣੇ ਵਿਚ ਸਮਾ ਕੇ ਓਦੋਂ ਜ਼ੋਰਦਾਰ ਰੂਪ ਧਾਰਨ ਕਰ ਚੁੱਕਾ ਸੀ ਜਦੋਂ ਦੁੱਗਲ ਅਤੇ ਉਸ ਦੇ ਸਮਕਾਲੀਆਂ ਨੇ ਲਿਖਣਾ ਸ਼ੁਰੂ ਕੀਤਾ। ਇਸ ਫ਼ਲਸਫ਼ੇ ਦੀਆਂ ਸੰਭਾਵਨਾਵਾਂ ਅੱਜ ਵੀ ਅਜੇ ਕਾਇਮ ਹਨ, ਖ਼ਾਸ ਕਰਕੇ ਜਦੋਂ ਟੱਕਰ ਅਤ ਦੇ ਪਿਛਾਖੜ ਅਨ੍ਹੇਰ ਬਿਰਤੀ ਅਤੇ ਘੋਰ ਲੁੱਟ-ਖਸੁੱਟ ਨਾਲ ਹੁੰਦੀ ਹੈ-ਸਥਾਨਕ, ਕੌਮੀ ਜਾਂ ਕੌਮਾਂਤਰੀ ਕਿਸੇ ਵੀ ਪੱਧਰ ਉਤੇ।

ਇਹ ਵਿਸ਼ਾਲ ਅਤੇ ਬਹੁਭਾਂਤਕ ਵਿਸ਼ਾ-ਵਸਤ ਰੂਪ ਦੇ ਪੱਖ ਵੀ ਵੰਨ-ਸਵੰਨਤਾ ਦੀ ਮੰਗ ਕਰਦਾ ਹੈ, ਨਹੀਂ ਤਾਂ ਆਪਣੀ ਸਾਰੀ ਵੰਨ-ਸੁਵੰਨਤਾ ਦੇ ਬਾਵਜੂਦ ਦੁੱਗਲ ਨੂੰ ਪੜ੍ਹਨਾ ਬੜਾ ਬੋਰਿੰਗ ਹੋ ਜਾਏ। ਅਤੇ ਰੁਪ ਦੀ ਇਹ ਵੰਨ-ਸੁਵੰਨਤਾ ਸਾਨੂੰ ਦੁੱਗਲ ਦੀਆਂ ਕਹਾਣੀਆਂ ਵਿਚ ਮਿਲਦੀ ਹੈ।

ਦੁੱਗਲ ਦੀ ਸ਼ਬਦਾਵਲੀ ਵਿਚ ਸਾਨੂੰ ਬਹੁਤੀ ਵੰਨਗੀ ਦੇਖਣ ਵਿਚ ਨਹੀਂ ਆਉਂਦੀ, ਸਿਵਾਏ ਇਸ ਦੇ ਕਿ ਉਹ ਲੋੜ ਪੈਣ ਉਤੇ ਪੋਠੋਹਾਰੀ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ। ਸ਼ਬਦਾਵਲੀ ਦੀ ਇਹ ਵੰਨ-ਸਵੰਨਤਾ ਸਾਨੂੰ ਕੁਝ ਦੂਜੇ ਲੇਖਕਾਂ ਵਿੱਚ ਦੁੱਗਲ ਨਾਲੋਂ ਵਧੇਰੇ ਦਿਸਦੀ ਹੈ।

107