ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾਂ ਦਾ ਇਸ ਵਿਚ ਜ਼ਿਕਰ ਆਇਆ ਹੈ।

ਵਿਚਾਰਧਾਰਕ ਪੱਖੋੋਂ ਕਿਸੇ ਲੇਖਕ ਬਾਰੇ ਨਿਰਣਾ ਕਰਨ ਲਈ ਸਾਡੇ ਵਾਸਤੇ ਉਸ ਦੀਆਂ ਰਚਨਾਵਾਂ ਦਾ ਵਿਚਾਰਧਾਰਮ ਦੀ ਪੱਧਰ ਤੱਕ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋਵੇਗਾ, ਅਤੇ ਇਸ ਸਮੁੱਚੇ ਨਿਖੇੜ ਤੋਂ ਪੈਂਦੇ ਪ੍ਰਭਾਵ ਦੇ ਆਧਾਰ ਉਤੇ ਹੀ ਇਹ ਨਿਰਣਾ ਹੋ ਸਕੇਗਾ। ਇਹ ਵਿਸ਼ਲੇਸ਼ਣ ਵੀ ਨਿਰੋਲ ਰਚਨਾ ਦੇ ਆਧਾਰ ਉਤੇ ਹੀ ਕਰਨਾ ਪਵੇਗਾ, ਨਾ ਕਿ ਲੇਖਕ ਦੇ ਕਿੱਤੇ, ਜਨਮ, ਜ਼ਾਤ ਅਤੇ ਸੰਬੰਧਾਂ ਦੇ ਆਧਾਰ ਉਤੇ। ਰਚਨਾ ਤੋਂ ਬਾਹਰ ਆਪਣੇ ਬਾਰੇ ਕਹੇ ਗਏ ਲੇਖਕ ਦੇ ਸ਼ਬਦ ਉਸ ਦੀ ਵਿਚਾਰਧਾਰਾ ਪਛਾਨਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ ਪਰ ਨਿਰਣਾਇਕ ਨਹੀਂ। ਲੇਖਕ ਦੀ ਵਿਚਾਰਧਾਰਾ ਬਾਰੇ ਸਪਸ਼ਟਤਾ ਰਚਨਾ ਵਿੱਚ ਵਸਤੂ ਦੀ ਚੋਣ, ਉਸ ਦੀ ਪੇਸ਼ਕਾਰੀ ਅਤੇ ਮੰਤਕ ਸਮਝਣ ਵਿੱਚ ਅਤੇ ਇਹ ਨਿਰਣਾ ਕਰਨ ਵਿੱਚ ਸਹਾਈ ਹੋ ਸਕਦੀ ਹੈ ਕਿ ਵਿਚਾਰਧਾਰਾ ਨੇ ਉਸ ਦੀ ਇਸ ਚੋਣ, ਪੇਸ਼ਕਾਰੀ ਅਤੇ ਮੰਤਕ ਉਪਰ ਚੰਗਾ ਪ੍ਰਭਾਵ ਪਾਇਆ ਹੈ ਜਾਂ ਮਾੜਾ। ਪਰ ਸਮੁੱਚੀ ਰਚਨਾ ਬਾਰੇ ਨਿਰਣਾ ਇਸੇ ਆਧਾਰ ਉਤੇ ਹੀ ਕਰਨਾ ਪਵੇਗਾ ਕਿ ਪੇਸ਼ ਕੀਤਾ ਗਿਆ ਵਸਤੂ-ਵਿਆਪਕ ਵਸਤੁਪਕ ਯਥਾਰਥ ਨਾਲ ਕਿੱਥੋਂ ਤੱਕ ਮੇਲ ਖਾਂਦਾ ਅਤੇ ਉਸ ਬਾਰੇ ਪਾਠਕ ਨੂੰ ਠੀਕ ਬੋਧ ਕਰਾਉਂਦਾ ਹੈ। ਅਤੇ ਇੰਝ ਕਰਦਾ ਹੋਇਆ, ਪਾਠਕ ਦੇ ਯਥਾਰਥ ਬਾਰੇ ਬੰਧ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸ ਦੀ ਸੰਵੇਦਨਸ਼ੀਲਤਾ ਨੂੰ ਕਿੱਥੋਂ ਤੱਕ ਟੁੰਭਦਾ ਅਤੇ ਵਧਾਉਂਦਾ ਹੈ। ਇਸ ਮਗਰਲੇ ਪ੍ਰਕਾਰਜ ਵਿੱਚ ਸੱਚਾ ਸਾਹਿਤਕਾਰ ਆਪਣੀ ਵਿਚਾਰਧਾਰਾ ਨੂੰ ਉਲੰਘ ਵੀ ਸਕਦਾ ਹੈ।

97