ਪੰਨਾ:ਨਿਰਾਲੇ ਦਰਸ਼ਨ.pdf/98

ਇਹ ਸਫ਼ਾ ਪ੍ਰਮਾਣਿਤ ਹੈ

(੯੪)

(ਤਥਾ)

ਧੰਨ ਗੁਰੂ ਤੇ ਧੰਨ ਨੇ ਸਿਖ ਉਹਦੇ,
ਆਪਾ ਭਾਵ ਨੂੰ ਜਿਨਾਂ ਨੁਵਾਰ ਦਿਤਾ।
ਮੁਠੀ ਉਹਨਾਂ ਦੀ ਵਿਚ ਬ੍ਰਹਿਮੰਡ ਸਾਰਾ,
ਮੈਂ ਚੰਦਰੀ ਨੂੰ ਜਿਨ੍ਹਾਂ ਮਾਰ ਦਿਤਾ।
ਗਾਡੀ ਰਾਹ ਚਲਾਇਕੇ ਗੁਰਮੁਖਾਂ ਨੇ,
ਤਰੇ ਆਪ ਤੇ ਜਗਤ ਨੂੰ ਤਾਰ ਦਿਤਾ।
ਗਏ ਜਿਤ ਉਹ ਜਿਨਾਂ ਨੇ ਹਾਰ ਮੰਨੀ,
ਮੰਨੀ ਜਿਤ ਜਿਨਾਂ ਜਨਮ ਹਾਰ ਦਿਤਾ।
ਨਿਜ ਰੂਪ ਪਛਾਨ ਕੇ ਅਮਰ ਹੋਏ,
ਭੇਦ ਦੂਰ ਹੋਇਆ ਜਲ ਤਰੰਗ ਵਾਂਗੂੰ।
ਪ੍ਰਭੂ ਵਸ ਹੋ ਗਿਆ 'ਅਨੰਦ' ਉਹ ਦੇ,
ਜਿਸਦਾ ਮੰਨ ਹੋਇਆ ਉਜਲ ਗੰਗ ਵਾਂਗੂੰ।