ਪੰਨਾ:ਨਿਰਾਲੇ ਦਰਸ਼ਨ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਮਾਤਾ ਤੇਜ ਕੌਰ

(ਪਉੜੀਆਂ)

ਬੈਠੇ ਤਖਤ ਗੋਬਿੰਦ ਸਿੰਘ, ਛਬ ਦੂਨ ਸੁਵਾਈ।
ਤਾਰਿਆਂ ਅੰਦਰ ਚੰਨ ਦੀ, ਜੀਕੁਨ ਰੁਸ਼ਨਾਈ।
ਨਚੇ ਕੋਲ ਬਰਾਦਰੀ, ਤਕ ਤਕ ਵਡਿਆਈ।
ਢਾਡੀ ਵਾਰਾਂ ਗਾਂਵਦੇ, ਜਸ ਕਰੇ ਲੁਕਾਈ।
ਵਿਚ ਰੋਹ ਦੇ ਝੂਟਨ ਸੂਰਮੇ, ਜੋ ਜਿਤਨ ਦਾਈ।
ਏਨੇ ਨੂੰ ਦੀਵਾਨ ਵਿਚ, ਇਕ ਆਕੇ ਮਾਈ।
ਉਚੀ ਉਚੀ ਮਾਰਕੇ, ਕੂਕਾਂ ਕੁਰਲਾਈ।
ਨਜ਼ਰ ਸੁਵੱਲੀ ਕਰ ਦਿਉਂ, ਮੈਂ ਹਾਂ ਦੁਖ ਦਾਈ।
ਦੇ ਧੀਰਜ ਬਾਜਾਂ ਵਾਲੜੇ, ਸਦ ਕੋਲ ਬਠਾਈ।
ਦਸ ਮੀਆਂ ਤੂੰ ਦੁਖ ਆਪਨਾ,ਇੰਜ ਕਿਉਂ ਘਬਰਾਈ।
ਸ਼ਾਇਦ ਤੇਰੇ ਦੁਖ ਦੀ, ਹੋ ਸਕੇ ਦੁਵਾਈ।
ਤੈਨੂੰ ਲੁਟ ਲਿਆ ਜਰਵਾਣਿਆ, ਜੋ ਰੋਂਦੀ ਆਈ।

ਮਾਤਾ

ਤਦ ਕਹਿੰਦੀ ਮਾਤਾ ਤੇਜ ਕੌਰ, ਗਲ ਪਲੂ ਆਕੇ।
ਦੁਖ ਅਪੁਨਾ ਮੇਹਰਾਂ ਵਾਲਿਆ, ਸਭ ਕਹਾਂ ਸੁਨਾਕੇ।
ਮੇਰੇ ਦੋ ਪੁਤਰ ਤੇ ਪਤੀ ਜੀ, ਰਣ ਅੰਦਰ ਜਾਕੇ।
ਪਾ ਗਏ ਹੈਨ ਸ਼ਹੀਦੀਆਂ, ਵੈਰੀ ਦਲ ਖਾਕੇ।