ਪੰਨਾ:ਨਿਰਾਲੇ ਦਰਸ਼ਨ.pdf/77

ਇਹ ਸਫ਼ਾ ਪ੍ਰਮਾਣਿਤ ਹੈ

(੭੩)

ਹੋਣ ਭਖਾਰੀ ਪਾਤਸ਼ਾਹ, ਫੜ ਹੱਥੀਂ ਕਾਸੇ।
ਘਾਹੀ ਬੈਠਨ ਤਖਤ ਤੇ, ਰਬ ਦੇ ਭਰਵਾਸੇ।
ਆਨ ਅਚਾਨਕ ਹਟ ਨੂੰ ਅਗ ਲੱਗੀ ਭਾਰੀ।
ਉਡ ਗਈ ਦੌਲਤ ਦਿਨਾਂ ਵਿਚ,ਸਭ ਮਾਰ ਉਡਾਰੀ।
ਆ ਮਿੱਤਰਾਂ, ਹੰਮਜੋਲੀਆਂ, ਕੰਨੀਆਂ ਖਸਕਾਈਆਂ।
ਸਤਿਗੁਰ ਸਚੇ ਤੇਰੀਆਂ, ਧੰਨ ਬੇ-ਪਰਵਾਈਆਂ।
ਕਰਮਾਂ ਵਾਲਾ ਪਰਖ ਵਿਚ, ਸਿਖ ਉਤਰੇ ਪੂਰਾ।
ਦੰਮ ਦੰਮ ਸਿਮਰੇ ਨਾਮ ਜੋ, ਸੋ ਗਿਣੀਏ ਸੂੂਰਾ।
ਲਗਾ ਭੁਖਾ ਮਰਨ ਜਾਂ, ਦੇ ਧੀਰ ਨਾ ਕੋਈ।
ਫੇਰ ਤਿਆਰੀ ਗੁਰਾਂ ਵਲ, ਗੰਗੇ ਦੀ ਹੋਈ।

(ਤਥਾ)

ਉਵੇਂ ਲੀਰਾਂ ਵਗਦੀਆਂ, ਦਰ ਡਿਗਾ ਆ ਕੇ।
ਰੋਇਆ ਭੁਬਾਂ ਮਾਰ ਮਾਰ, ਬੋਲੇ ਸ਼ਰਮਾ ਕੇ।
ਗੁਡੀ ਹੈਸੀ ਝੂਲਦੀ, ਆਸਮਾਨੀ ਚੜ ਕੇ।
ਭੈੜੇ ਕਰਮਾਂ ਸੁਟਿਆ, ਮੂੰਹ ਮੂਧੇ ਫੜ ਕੇ।
ਤੇਰੇ ਘਰ ਤੋਂ ਪਾਤਸ਼ਾਹ, ਜੋ ਬੇ-ਮੁਖ ਹੋਇਆ।
ਉਹ ਬਦਕਿਸਤ ਜਾਨ ਲੌ, ਜੀਊਂਦਾ ਹੀ ਮੋਇਆ।
ਕਰਦੇ ਮੇਹਰਾਂ ਵਾਲਿਆਂ, ਕੁਝ ਨਜਰ ਸੁਵੱਲੀ।
ਭੁਖਾਂ ਦੁਖਾਂ ਨਾਲ ਹੈ, ਜਿੰਦ ਮੇਰੀ ਚੱਲੀ।
ਤਰਸ ਗੁਰਾਂ ਨੂੰ ਆ ਗਿਆ, ਇੰਜ ਵੇਖ ਨਿਮਾਣਾ।
ਝਲ ਨਾ ਸਕਿਓ ਗੰਗਿਆ, ਪਰਤਾਪ ਰੁਬਾਣਾ।
ਇਹ ਦੌਲਤ ਕਰਤਾਰ ਦੀ, ਦੇਵੇਂ ਜਿਸ ਭਾਵੇਂ।
ਛਾਂ ਦੇ ਵਾਂਗਰ ਜਾਂਵਦੀ, ਨਾ ਡੇਰ ਲਗਾਵੇਂ।