ਪੰਨਾ:ਨਿਰਾਲੇ ਦਰਸ਼ਨ.pdf/76

ਇਹ ਸਫ਼ਾ ਪ੍ਰਮਾਣਿਤ ਹੈ

(੭੨)

ਸੌ ਕੁ ਦਮੜਾ ਇਸ ਨੂੰ, ਦੇ ਦਈ ਸੁਜਾਨਾ।
ਲੈ ਪਰਵਾਨਾ ਸਿਖ ਜਾਂ, ਜਾ ਦਿੱਲੀ ਪੁਜਾ।
ਪੜ੍ਹਕੇ ਲਿਖਿਆ ਗੁਰਾਂ ਦਾ, ਅਗ ਵਾਂਗੂੰ ਭਜਾ।
ਹੈ ਕੇਹੜਾ ਗੁਰ ਅਮਰਦਾਸ, ਮੈਨੂੰ ਖ਼ਬਰ ਨਾ ਕਾਈ।
ਮੇਰੇ ਕੋਲ ਪਿਆਰਿਆ ਹੈ ਨਹੀਂ ਇਕ ਪਾਈ।
ਉਵੇਂ ਹੀ ਸਿਖ ਪਰਤਕੇ, ਮੁੜ ਵਾਪਸ ਆਇਆ।
ਸਤਿਗੁਰ ਜਾਨੀ ਜਾਨ ਨੂੰ, ਸਭ ਹਾਲ ਸੁਨਾਇਆ।
ਮੇਹਰਾਂ ਵਾਲੇ ਪਾਤਸ਼ਾਹ, ਹਸ ਕੇ ਫੁਰਮਾਇਆ।
ਜਿਉਂ ਆਈ ਤਿਉਂ ਜਾਏ ਹੁਣ,ਕਿਉਂ ਰੱਬ ਭੁਲਾਇਆ।
ਦੇ ਕੇ ਮਾਇਆ ਸਿਖ ਦਾ, ਕੰਮ ਕੀਤਾ ਪੂਰਾ।
ਦੌਲਤ ਬਾਜੋਂ ਪੁਰਸ਼ ਦਾ, ਹਰ ਕਾਜ ਅਧੂਰਾ।

ਗੰਗੋ ਸ਼ਾਹ ਦਾ ਫੇਰ ਕੰਗਾਲ ਹੋ ਕੇ ਆਉਣਾ

ਏਹ ਦੁਨੀਆ ਹੈ ਪੁਤਲੀ, ਡੋਰਾਂ ਹੱਥ ਸਾਂਈ।
ਨਚਨ ਜਿਵੇਂ ਨਚਾਵਦਾਂ, ਬੰਦੇ ਦੇ ਤਾਂਈ।
ਜੋ ਮੂਰਖ ਆ ਜਗਤ ਵਿਚ, ਬਣਦਾ ਹੰਕਾਰੀ।
ਖਾਲੀ ਟਿਬੇ ਵਾਂਗਰਾਂ, ਰਹੇ ਉਮਰਾ ਸਾਰੀ।
ਨੀਵੇਂ ਥਾਂ ਜਲ ਵਸਦਾ, ਪਾਵੇ ਵਡਿਆਈ।
ਜੋ ਨੀਵੇਂ ਸੰਸਾਰ ਤੇ, ਜਸ ਕਰੇ ਲੁਕਾਈ।
ਨਦਰ ਕਰੇ ਪਰਮਾਤਮਾਂ, ਉਲਟੀ ਜਿਸ ਵੇਲੇ।
ਪਲ ਵਿਚ ਉਜੜਨ ਲਗ ਰਹੇ, ਜਿਸ ਥਾਂ ਤੇ ਮੇਲੇ।