ਪੰਨਾ:ਨਿਰਾਲੇ ਦਰਸ਼ਨ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਗੰਗੋ ਸ਼ਾਹ

(ਦੁਵੱਯਾ ਪਉੜੀਆਂ)

ਰਹਿੰਦੇ ਗੋਇੰਦਵਾਲ ਜੀ, ਗੁਰੂ ਅਮਰ ਪਿਆਰੇ।
ਦੇਂਦੇ ਮਾਨ ਨਿਮਾਣਿਆਂ, ਲਖ ਡੁਬਦੇ ਤਾਰੇ।
ਇਕ ਦਿਹਾੜੇ ਸਿਖ ਇਕ, ਦਰਸ਼ਨ ਨੂੰ ਆਇਆ।
ਗਲ ਵਿਚ ਪਾਟੇ ਕਪੜੇ, ਡਾਹਡਾ ਘਬਰਾਇਆ।
ਨੰਗੇ ਪੈਰ ਗਰੀਬ ਦੇ, ਤੇ ਲੰਮਕਨ ਲੀਰਾਂ।
ਢਹਿ ਚਰਨਾ ਤੇ ਰੋ ਪਿਆ, ਉਹ ਹਾਲ ਫਕੀਰਾਂ।
ਸਤਗੁਰ ਸਚੇ ਪਾਤਸ਼ਾਹ, ਤਦ ਕਹਿਣ ਸੁਣਾ ਕੇ।
ਮੰਗ ਸਿਖਾਂ ਕੀਹ ਮੰਗਦਾ, ਕੁਲ ਸੰਗ ਗੁਵਾਕੇ।
'ਗੰਗੋ ਸ਼ਾਹ' ਨੇ ਹੱਥ ਜੋੜ, ਤਦ ਆਖ ਸੁਨਾਇਆ।
ਮੈਂ ਕਰਮਾਂ ਦਾ ਮਾਰਿਆ, ਮੰਗਦਾ ਕੁਝ ਮਾਇਆ।
ਹਟ ਮੇਰਾ ਹੈ ਉਜੜਿਆ, ਰਹੀ ਰਾਸ ਨਾ ਪਲੇ।
ਧੀਆਂ ਪੁਤਰ ਭੁਖ ਦੇ, ਹਥੋਂ ਮਰ ਚਲੇ।
ਮਾਇਆ ਬਾਜੋਂ ਕੰਮ ਨਾ, ਦੁਨੀਆਂ ਦੇ ਸਰਦੇ।
ਦਰ ਤੇ ਡਿਗਾਂ ਦਾਤਿਆਂ, ਤੂੰ ਝੋਲਾ ਭਰਦੇ।

ਗੁਰੂ ਜੀ

ਗੋਲਕ ਵਿਚੋਂ ਸਤਿਗੁਰਾਂ, ਦੇ ਕੇ ਕੁਝ ਮਾਇਆ।
ਗੰਗੋ ਸ਼ਾਹ ਨੂੰ ਮੁਖ ਤੋਂ, ਇਉਂ ਆਖ ਸੁਨਾਇਆ।