ਪੰਨਾ:ਨਿਰਾਲੇ ਦਰਸ਼ਨ.pdf/70

ਇਹ ਸਫ਼ਾ ਪ੍ਰਮਾਣਿਤ ਹੈ

(੬੬)

ਡਾਕੂਆਂ ਨੇ ਘਰ ਲੈ ਆਉਨਾ

ਆਇਆ ਤਰਸ ਨਾਂ ਕੁਝ ਹਤਿਆਰਿਆਂ ਨੂੰ,
ਫੜ ਦੋਹਾਂ ਨੂੰ ਘਰ ਲਿਆਂਵਦੇ ਨੇ।
ਪੂਰੀ ਏਹਨਾਂ ਤੋਂ ਅੱਜ ਦੀ ਰਾਤ ਕਰਨੀ,
ਆਪੋ ਵਿਚ ਸਲਾਹਾਂ ਪਕਾਂਵਦੇ ਨੇ।
ਬੁਢਾ ਕੋਲ ਅਰਾਈਆਂ ਦੇ ਵੇਚ ਦਿਤਾ,
'ਸੇਠਾਂ' ਕੋਲ ਲੜਕੀ ਗੈਹਨੇ ਪਾਂਵਦੇ ਨੇ।
ਬਾਬੇ, ਪੋਤਰੀ, ਦੂੰਹਾਂ ਨੂੰ ਜੁਦਾ ਕਰਕੇ,
ਵੇਖੋ ਦੁਖ ਤੇ ਦੁਖ ਪੁਚਾਂਵਦੇ ਨੇ।
ਕਹਿੰਦੇ ਠੀਕ ਨੇਕਿ ਜਿਸਨੂੰ ਬਨੇ ਮੁਸ਼ਕਲ
ਢੋਈ ਕੋਈ ਨਹੀਂ ਬਾਜ ਭਗਵਾਨ ਦੇਂਦਾ।
ਕਰਮ ਹੀਨ ਦੀ ਫੜੇ ਨਾਂ ਬਾਂਹ ਕੋਈ,
ਉਹ ਨੂੰ ਧਕੇ ਤੇ ਧਕੇ ਜਹਾਨ ਦੇਂਦਾ।

(ਤਥਾ)

ਲੜਕੀ ਕਰੇ ਚੌਂਕਾ ਭਾਂਡਾ ਸੇਠਨੀ ਦਾ,
ਬੁਡਾ ਗਾਧੀ ਅਰਾਈਆਂ ਦੀ ਵਾਂਹਵਦਾ ਏ।
ਹਾਲ ਹਾਲ ਕਰਕੇ ਤੋਤੇ ਬਾਗ ਵਿਚੋਂ,
ਸਾਰਾ ਦਿਨ ਹੀ ਰਹਿੰਦਾ ਉਡਾਂਵਦਾ ਏ।
ਹਾਏ ਪੋਤਰੀ, ਹਥੋਂ ਖਸ ਗਈ ਏ,
ਰੋੋਏ ਰੋਏ ਕੇ ਕੀਰਨੇ ਪਾਂਵਦਾ ਏ।
ਕੇਹੜੇ ਪਾਪ ਕੀਤੇ ਆਏ ਪੇਸ਼ ਮੇਰੇ,
ਗਲਾਂ ਕੀਤੀਆਂ ਤੇ ਪਛੋਤਾਂਵਦਾ ਏ।