ਪੰਨਾ:ਨਿਰਾਲੇ ਦਰਸ਼ਨ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਦੁਸ਼ਾਲੇ ਬਿਧੀ ਚੰਦ

ਰਲ ਸੰਗਤ ਕਸ਼ਮੀਰ ਦੀ, ਪਾ ਦਿਤੇ ਚਾਲੇ।
ਛੇਵੇਂ ਗੁਰ ਦੀ ਭੇਟ ਲਈ,ਲਏ ਤਿੰਨ ਦੁਸ਼ਾਲੇ।
ਕੋਈ ਸ਼ਸ਼ਤਰ ਕੀਮਤੀ, ਸਤਗੁਰ ਲਈ ਲਿਆਵੇ।
ਅਰਬੀ ਘੋੜੇ ਜੰਗਲ ਈ, ਕੋਈ ਸਿਖ ਮੰਗਾਵੇ।
ਹੀਰੇ, ਮੋਤੀ, ਲਾਲ ਆਦਿ ਸੋਨਾ ਤੇ ਚਾਂਦੀ।
ਭੇਟਾ ਵੰਨ ਸੁਵੰਨ ਲੈ, ਇਉਂ ਸੰਗਤ ਜਾਂਦੀ।
ਕੋਈ ਪੈਦਲ ਤੁਰ ਪਏ ਕਈ ਘੋੜੇ ਚੜਦੇ।
ਜਾਂਦੇ ਨਾਲ ਪਰੇਮ ਦੇ, ਗੁਰਬਾਣੀ ਪੜਦੇ।
ਰਾਤ ਜਿਥੇ ਪੈ ਜਾਂਵਦੀ, ਦੀਵਾਨ ਸਜਾਂਦੇ।
ਰਾਗੀ ਆਸਾ ਵਾਰ ਅਮਿਰਤ ਵਰਸਾਂਦੇ।
ਏਦਾਂ ਮੰਜਲਾਂ ਮਾਰਕੇ, ਕੁਲ ਪੰਧ ਮੁਕਾਂਦੇ।
ਪੁਜਦੇ ਪਟੀ ਸ਼ੈਹਰ ਵਿਚ, ਆ ਡੇਰਾ ਲਾਂਦੇ।
ਗਏ ਦੁਸ਼ਾਲੇ ਸਿਲ ਦੋ, ਜਾਂ ਫੋਲ ਤਕਾਏ।
ਧੁਪ ਲੁਆਵਨ ਵਾਸਤੇ, ਚਾ ਸੁਕਨੇ ਪਾਏ।
ਹੀਰੇ, ਮੋਤੀ, ਚੰਮਕਦੇ, ਦੇ ਤਾਬ ਲਾਸਾਨੀ।
ਤਾਰੇ,ਸੂਰਜ,ਚੰਦ ਜਿਉਂ ਚੰਮਕਨ ਅਸਮਾਨੀ।
ਫੁਲ, ਬੂਟੇ ਰੰਗ ਰੰਗ ਦੇ, ਲਾ ਰੀਝ ਬਨਾਏ।
ਵੇਖਨ ਵਾਲਾ ਇਹਨਾਂ ਨੂੰ, ਹੋ ਮੋਹਿਤ ਜਾਏ।