ਪੰਨਾ:ਨਿਰਾਲੇ ਦਰਸ਼ਨ.pdf/44

ਇਹ ਸਫ਼ਾ ਪ੍ਰਮਾਣਿਤ ਹੈ

(੪੨)

ਦੇਵੀ ਚੰਦ ਏਹ ਦੇਖਕੇ, ਨਾਂ ਡਰਿਆ ਮਾਸਾ।
ਸੁਰਤ ਗੁਰਾਂ ਵਲ ਜੋੜਕੇ, ਕੀਤਾ ਅਰਦਾਸਾ।
ਮੇਹਰਾਂ ਵਾਲਾ ਹਥ ਤੂੰ ਸਿਰ ਮੇਰੇ ਧਰਨਾ।
ਸਿਦਕ ਬਖਸ਼ਕੇ ਪਾਸ ਤੂੰ ਅਜ ਮੈਨੂੰ ਕਰਨਾਂ।
ਕੀਮਾਂ ਕੁਟਨ ਆਸ਼ਕਾਂ, ਮੈਂ ਨਾਂ ਘਬਰਾਵਾਂ।
ਲਾਹਵਨ ਪੁਠੀ ਖਲੜੀ, ਨਾਂ ਦੁਖ ਮਨਾਵਾਂ।
ਏਦਾਂ ਕਰ ਅਰਦਾਸ ਉਸ, ਅਖਾਂ ਦੇ ਅੰਦਰ।
ਚਰਨ ਟਿਕਾ ਲੈ ਗੁਰਾਂ ਦੇ,ਮਨ ਬਣਿਆ ਮੰਦਰ।

ਗੁਰੂ ਜੀ ਨੇ ਸਹੈਤਾ ਕਰਨੀ

ਉਧਰ ਵਿਚ ਅਨੰਦ ਪੁਰ, ਦਸਮੇਸ਼ ਪਿਆਰੇ।
ਪਾਕੇ ਭੋਗ ਦੀਵਾਨ ਦਾ, ਗਏ ਵਿਚ ਚੁਬਾਰੇ।
ਜਾਨਨ ਸਭ ਦੇ ਦਿਲਾਂ ਦੀ, ਗੁਰ ਅੰਤਰ ਜਾਮੀ।
ਲਿਆਵੋ ਸਿੰਘੋ ਪਟੀਆਂ, ਇੰਜ ਕਹਿਨ ਸੁਵਾਮੀ।
ਸੂਏ ਸੜਕੇ ਅੱਗ ਵਿਚ ਜਾਂ ਹੋਏ ਅੰਗਿਆਰੇ।
ਨਾਲ ਸੰਨੀਆਂ ਪਕੜ ਲੈ, ਪਾਪੀ ਹਤਿਆਰੇ।
ਅਖਾਂ ਉਤੇ ਰਖਦੇ, ਜਦ ਠੋਕਨ ਲਗੇ।
ਚਰਨ ਗੁਰੂ ਦਸਮੇਸ਼ ਨੇ ਕਰ ਦਿਤੇ ਅਗੇ।
ਵਿਚ ਚਰਨਾਂ ਦੇ ਧੱਸ ਗਏ, ਉਹ ਸੂਏ ਸਾਰੇ।
ਲਹੂਆਂ ਵਾਲੇ ਛੁਟ ਪਏ, ਫੂਹ ਮਾਰ ਫੁਹਾਰੇ।
ਧਰਤੀ ਉਤੇ ਢਹਿ ਪਿਆ, ਗੁਰ ਸਿਖ ਪਿਆਰਾ।
ਤੁਰ ਗਿਆ ਦੁਸ਼ਟ ਜਲਾਦ ਉਠ, ਕਰ ਅਪਨਾ ਕਾਰਾ।
ਚਰਨਾਂ ਵਿਚੋਂ ਕਿਲ ਫਿਰ, ਦਸਮੇਸ਼ ਕਢਕੇ।
ਬਧੀਆਂ ਉਤੇ ਪਟੀਆਂ ਦਰਯਾਈ ਪਾਕੇ।