ਪੰਨਾ:ਨਿਰਾਲੇ ਦਰਸ਼ਨ.pdf/10

ਇਹ ਸਫ਼ਾ ਪ੍ਰਮਾਣਿਤ ਹੈ

(੧੦)

ਇਕ ਮਾਈ ਨੇ ਆਉਣਾ

ਇਕ ਮਾਈ ਨੇ ਗੁਰਾਂ ਨੂੰ ਕਿਹਾ ਆਕੇ,
ਜੁਗੋ ਜੁਗ ਜੁਵਾਨੀਆਂ ਮਾਨ ਜੀਵੇਂ।
ਤੂੰ ਹੈਂ ਵੀਰ ਲਛਮਨ ਭੈਨ ਨਾਨਕੀ ਦਾ,
ਮਾਤਾ ਤਰਿਪਤਾ ਦਾ ਤੂੰ ਹੈ ਨਸ਼ਾਨ ਜੀਵੇਂ।
ਡਿਗਨ ਵਾਲੜੀ ਕੰਧ ਹੈ ਚਾਨਨਾ ਵੇ,
ਕੁਛੜ ਡੈਨ ਦੇ ਬੈਠੋ ਕਿਉਂ ਆਨ ਜੀਵੇਂ।
ਏਥੋਂ ਉਠਕੇ ਦੂਲਿਆ ਪਰੇ ਹੋ ਜਾ,
ਖੂਨੰਨ ਕੰਧ ਲੈ ਲਊਗੀ ਜਾਨ ਜੀਵੇਂ।
ਕੁੜੀਆਂ ਬਾਲ ਪਿਛੋਂ ਧਕੇ ਮਾਰਦੇ ਨੇ,
ਦੁਸ਼ਮਨ ਸੱਸ ਸੌਹਰਾ ਤੇਰੀ ਜਾਨ ਦਾ ਵੇਂ।
ਲੋਕੀ ਆਖਦੇ ਹੈਨ ਅਵਤਾਰ ਤੈਨੂੰ,
ਬੇੜਾ ਪਾਰ ਲਾਣਾ ਤੂੰ ਜਹਾਨ ਦਾ ਵੇਂ।

ਗੁਰੂ ਜੀ

ਕਹਿਦੇ ਸਤਿਗੁਰੂ ਕਰੋ ਨਾਂ ਫਿਕਰ ਮਾਸਾ,
ਹੋਵੇ ਸੋਈ ਜੋ ਕਰੇ ਭਗਵਾਨ ਮਾਤਾ।
ਪਰਲੋ ਤੀਕਰਾਂ ਕੰਧ ਏਹ ਢਵੇਗੀ ਨਾਂ,
ਆਵਨ ਲਖਾਂ ਭੁਚਾਲ ਤੂਫਾਨ ਮਾਤਾ।
ਚੂਨੇ ਗਚ ਅਟਾਰੀਆਂ ਢਠ ਜਾਵਨ,
ਰਹਿਸੀ ਵਿਆਹ ਮੇਰੇ ਦਾ ਨਿਸ਼ਾਨ ਮਾਤਾ।
ਏਸ ਕੰਧ ਦਾ ਕਰਨ ਦੀਦਾਰ ਜੇਹੜੇ,
ਬੇੜੇ ਪਾਰ ਹੋਵਨ ਮੁਕਤੀ ਪਾਨ ਮਾਤਾ।