ਪੰਨਾ:ਨਵੀਨ ਦੁਨੀਆ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵਾਰ ਦਾ ਢਿੱਡ ਭਰਦੇ ਹਨ। ਇਹੋ ਪੈਸੇ ਉਹਨਾਂ ਦੀ ਹਰ ਲੋੜ ਤੇ ਸਹਾਈ ਹੁੰਦੇ ਹਨ, ਉਹਨਾਂ ਦੀ ਰੋਟੀ ਦਾ ਆਹਰ ਬਣਦੇ ਹਨ, ਮੈਂ ਦੋਸ਼ੀ ਹਾਂ, ਮੈਂ ਪਾਪ ਕੀਤਾ ਹੈ' ਮੇਰਾ ਹਿਰਦਾ ਕੁਰਲਾ ਕੇ ਕਹਿ ਰਿਹਾ ਸੀ।

ਮੈਂ ਅਖਾਂ ਉਚੀਆਂ ਕਰਕੇ ਉਸ ਵਲ ਤਕਿਆ, ਉਹ ਬੁਤ ਦੀ ਤਰਾਂ ਖਲੋਤਾ ਮੇਰੇ ਵਲ ਤਕ ਰਿਹਾ ਸੀ। ਮੈਂ ਹਥ ਵਿਚ ਫੜੇ ਨੋਟ ਨੂੰ ਪੈਂਟ ਦੀ ਜੇਬ ਵਿਚ ਪਾ ਲਿਆ ਤੇ ਫਿਰ ਰਕਸ਼ੇ ਵਿਚ ਬੈਠਦੇ ਹੋਏ ਸਰਵਣ ਨੂੰ ਕਿਹਾ, ‘ਚਲ ਮਿਸਟਰ ਰਤਨ ਚੰਦ ਰੋਡ।'

ਉਹ ਰਿਕਸ਼ੇ ਦੀ ਗੱਦੀ ਤੇ ਮੁੜ ਚੜ ਬੈਠਾ ਤੇ ਜ਼ੋਰ ਜ਼ੋਰ ਦੀ ਪੈਡਲ ਮਾਰਦਾ ਰਿਕਸ਼ਾ ਭਜਾਣ ਲਗ ਪਿਆ। ਕਚਿਹਰੀ ਰੋਡ ਤੋਂ ਹੁੰਦਾ ਹੋਇਆ ਰਿਕਸ਼ਾ ਖਬੇ ਪਾਸੇ ਸ਼ਿਸ਼ਨ ਕੋਰਟ ਵਲ ਮੁੜਿਆ ਤੇ ਸ਼ਿਸ਼ਨ ਕੋਰਟ ਕੋਲੋਂ ਸਿਧਾ ਲੰਘਦਾ ਉਹ ਰਤਨ ਚੰਦ ਰੋਡ ਤੇ ਜਾ ਰੁਕਿਆ।

‘ਸਰਦਾਰ ਜੀ ਰਤਨ ਚੰਦ ਰੋਡ ਆ ਗਈ।' ਉਸ ਨੇ ਰਿਕਸ਼ੇ ਨੂੰ ਇਕ ਪਾਸੇ ਖੜਾ ਕਰਦਿਆਂ ਕਿਹਾ।

ਮੈਂ ਰਿਕਸ਼ੇ ਚੋਂ ਹੇਠਾਂ ਉਤਰਿਆ ਤੇ ਜੇਬ ਵਿਚੋਂ ਉਹੋ ਨੋਟ ਕਢਕੇ ਉਸ ਨੂੰ ਦੇ ਦਿਤਾ। ਸਰਵਨ ਕੁਝ ਬੋਲਣ ਹੀ ਲਗਾ ਸੀ ਕਿ ਮੈਂ ਪਹਿਲੋਂ ਹੀ ਟੋਕ ਦਿਤਾ, ‘ਪੈਸੇ ਭੰਨਾਣ ਦੀ ਲੋੜ ਨਹੀਂ, ਇਹ ਸਾਰਾ ਹੀ ਲੈ ਲੈ।'

ਇਤਨੀ ਖੁਲ ਦਿਲੀ ਦੇਖਖੇ ਸਰਵਨ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਤਕਣ ਲਗ ਪਿਆ, ਪਰ ਉਹ ਛੇਤੀ ਕੁਝ ਨਾ ਬੋਲ ਸਕਿਆ।

‘ਸਰਵਣ ਤੂੰ ਹਰ ਰੋਜ਼ ਰਾਤ ਨੂੰ ਰਿਕਸ਼ਾ ਇਥੇ ਲਿਆਇਆ ਮੈਂ ਤੇਰੇ ਰਿਕਸ਼ੇ ਵਿਚ ਰੋਜ਼ ਸੈਰ ਕਰਨ ਜਾਇਆ ਕਰਾਂਗਾ।'

-੮੫-