ਪੰਨਾ:ਨਵੀਨ ਦੁਨੀਆ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਮਾਮੂਲੀ ਜਹੀ ਪਗ ਲਪੇਟੀ ਹੋਈ ਸੀ। ਪੈਰਾਂ ਵਿਚ ਟੁਟੇ ਛੋਟੇ ਬੂਟ ਪਾਏ ਹੋਏ ਸਨ, ਜਿਨ੍ਹਾਂ ਵਿਚੋਂ ਇਕ ਬੂਟ ਦਾ ਅਗਲਾ ਹਿਸਾ ਕੁਝ ਵਧੇਰੇ ਪਾਟਿਆ ਹੋਣ ਕਰਕੇ ਪੈਰ ਦੀ ਤਲੀ ਬਾਹਰ ਨੂੰ ਨਿਕਲੀ ਨਜ਼ਰ ਆਉਂਦੀ ਸੀ। ਉਹ ਕੱਛਾਂ ਵਿਚ ਹਥ ਦੇਈ ਮੇਰੇ ਸਾਹਮਣੇ ਖਲੋਤਾ ਸੀ। ਕਦੀ ਕਦੀ ਹਵਾ ਦਾ ਝੋਕਾ ਉਸਦੇ ਸਾਰੇ ਸਰੀਰ ਨੂੰ ਕੰਬਾ ਦੇਂਦਾ। ਜਿਸਮ ਉਸ ਦਾ ਪਤਲਾ ਸੀ, ਤੇ ਮੂੰਹ ਦਾ ਰੰਗ ਕਣਕ ਭਿੰਨਾਂ।

‘ਕੀ ਨਾਮ ਹੈ ਤੇਰਾ?' ਮੈਂ ਉਸ ਤੋਂ ਕੁਝ ਹੋਰ ਪੁਛਣ ਦੇ ਇਰਾਦੇ ਨਾਲ ਪੁਛਿਆ।

‘ਜੀ ਸਰਵਨ ਸਿੰਘ।'

'ਕਿਤਨੀ ਕੁ ਦੇਰ ਤਕ ਰਾਤ ਨੂੰ ਰਿਕਸ਼ਾ ਚਲਾਂਦਾ ਏਂ?'

'ਇਹੋ ਢਾਈ ਤਿੰਨ ਵਜੇ ਤਕ।'

'ਕਿਤਨੇ ਗਾੜੇ ਪਸੀਨੇ ਨਾਲ ਕਮਾਈ ਕਰਦੇ ਹਨ ਇਹੋ ਜਿਹੇ ਲੋਕ। ਸਵੇਰੇ ਸਾਰਾ ਦਿਨ ਮਿਲਾਂ ਵਿਚ ਹਢ ਭੰਨਕੇ ਕੰਮ ਕਰਦੇ ਹਨ ਤੇ ਰਾਤ ਨੂੰ ਕਿਡੀ ਕਿਡੀ ਦੇਰ ਤਕ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਆਪਣੇ ਪੇਟ ਨੂੰ ਭਰਨ ਖਾਤਰ ਮਿਹਨਤ ਕਰਦੇ ਹਨ। ਨਾ ਦਿਨ ਨੂੰ ਚੈਨ ਹੈ ਇਨ੍ਹਾਂ ਨੂੰ ਤੇ ਨਾ ਰਾਤ ਨੂੰ ਆਰਾਮ, ਪਤਾ ਨਹੀਂ ਇਸ ਦੁਨੀਆਂ ਵਿਚ ਕਿਤਨੇ ਹੀ ਇਸ ਵਰਗੇ ਇਨਸਾਨ ਭਟਕਦੇ ਫਿਰਦੇ ਹਨ।' ਮੈਂ ਦਿਲ ਹੀ ਦਿਲ ਵਿਚ ਸੋਚਿਆ।

ਮੇਰੇ ਖਿਆਲਾਂ ਨੇ ਇਕ ਦਮ ਪਲਟਾ ਖਾਧਾ, ਮੈਂ ਆਪਣੇ ਆਪ ਨੂੰ ਇਕ ਬਹੁਤ ਵਡਾ ਦੋਸ਼ੀ ਸਮਝਣ ਲਗਾ, ਆਪਣੇ ਆਪ ਨੂੰ ਸੌ ਸੌ ਲਾਹਨਤਾਂ ਪਾਉਣ ਲਗ ਪਿਆ, ਮੈਂ ਰਿਕਸ਼ੇ ਤੇ ਸਵਾਰੀ ਨਾ ਕਰ ਕੇ ਪਤਾ ਨਹੀਂ ਕਿਤਨੇ ਹੀ ਇਨਸਾਨਾਂ ਦੀ ਰੋਟੀ ਦਾ ਹਿਸਾ ਖੋਹਿਆ ਹੈ, ਰਿਕਸ਼ਾ ਚਲਾਕੇ ਇਹ ਆਪਣਾ ਤੇ ਆਪਣੇ

-੮੪-