ਪੰਨਾ:ਨਵੀਨ ਦੁਨੀਆ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਫਿਰਦਾ ਫਿਰਦਾ ਕਦੀ ਮੈਂ ਬੁਕ ਸਟਾਲ ਵਲ ਚਲਾ ਜਾਂਦਾ ਤੇ ਉਥੇ ਰਸਾਲੇ ਫੋਲਣ ਲਗ ਪੈਂਦਾ ਤੇ ਫਿਰ ਕੁਝ ਚਿਰ ਬਾਦ ਉਥੋਂ ਹੌਲੇ ੨ ਕਦਮ ਪੁਟਦਾ ਇਧਰ ਉਧਰ ਫਿਰਨ ਲਗ ਪੈਂਦਾ। ਉਡੀਕ ਦਾ ਇਹ ਲੰਮਾਂ ਸਮਾਂ ਮੇਰੇ ਲਈ ਬਹੁਤ ਵਡੀ ਮੁਸੀਬਤ ਬਣਿਆ ਹੋਇਆ ਸੀ। ਘੰਟੇ ਡੇਢ ਘੰਟੇ ਦੇ ਇਸ ਥੋੜੇ ਜਿਹੇ ਸਮੇਂ ਵਿਚ ਮੈਂ ਦੋ ਵਾਰੀ ਚਾਹ ਪੀ ਚੁਕਾ ਸਾਂ, ਪਰ ਠੰਢ ਹਾਲੇ ਵੀ ਲਗ ਰਹੀ ਸੀ, ਸਰੀਰ ਵਿਚ ਕੰਬਣੀ ਛਿੜੀ ਹੋਈ ਸੀ ਤੇ ਹੁਣ ਤੀਜੀ ਵਾਰ ਚਾਹ ਪੀਹ ਰਿਹਾ ਸਾਂ। ਪਲੇਟ ਫਾਰਮ ਤੇ ਹੋਰ ਬਹੁਤ ਘਟ ਆਦਮੀ ਨਜ਼ਰ ਆ ਰਹੇ ਸਨ। ਕੁਲੀ ਛੋਟੀਆਂ ਛੋਟੀਆਂ ਟੋਲੀਆਂ ਬਣਾਕੇ ਲਤਾਂ ਨੂੰ ਛਾਤੀ ਨਾਲ ਜੋੜਕੇ ਤੇ ਕਛਾਂ ਵਿਚ ਹਥ ਦੇ ਕੇ ਬੈਠੇ ਘੁਸਰ ਮੁਸਰ ਕਰ ਰਹੇ ਸਨ।

ਮੈਂ ਘੜੀ ਵਲ ਤਕਿਆ, ਬਾਰਾਂ ਵਜਣ ਵਿਚ ਕੋਈ ਪੰਜ ਸਤ ਮਿੰਟ ਬਾਕੀ ਸਨ। ਅਚਾਨਕ ਕੰਨਾਂ ਵਿਚ ਘੰਟੀ ਦੇ ਖੜਕਣ ਦੀ ਆਵਾਜ਼ ਆਈ। ਮੈਂ ਪੈਂਟ ਦੇ ਜੇਬਾਂ ਵਿਚ ਹਥ ਪਾਈ ਗੱਡੀ ਦੀ ਪਟੜੀ ਲਾਗੇ ਗਿਆ, ਪਰ ਹਾਲੇ ਤਕ ਸਰਚ ਲਾਇਟ ਦਾ ਵੀ ਝਾਵਲਾ ਨਹੀਂ ਸੀ ਪੈਂਦਾ। ਕੁਝ ਚਿਰ ਇਧਰ ਉਧਰ ਘੁੰਮਦਾ ਰਿਹਾ ਤੇ ਫਿਰ ਇਕ ਦਮ ਗੱਡੀ ਦੇ ਦਗੜ ਦਗੜ ਕਰਨ ਦੀ ਆਵਾਜ਼ ਕੰਨਾਂ ਵਿਚ ਪਈ ਤੇ ਵੇਖਦੇ ਵੇਖਦੇ ਹੀ ਪਲੇਟ ਫਾਰਮ ਤੋਂ ਆ ਖਲੋਤੀ। ਮੁਸਾਫਰ ਉਤਰਨੇ ਸ਼ੁਰੂ ਹੋ ਗਏ। ਕੁਲੀ... ...ਕੁਲੀ ਦੀਆਂ ਆਵਾਜ਼ ਆਉਣ ਲਗ ਪਈਆਂ। ਗੱਡੀ ਵਿਚ ਕੋਈ ਭੀੜ ਨਹੀਂ ਸੀ। ਮੈਂ ਗੱਡੀ ਦੇ ਡਬੇ ਦੇਖਣੇ ਸ਼ੁਰੂ ਕਰ ਦਿਤੇ। ਇਕ ਇਕ ਕਰਕੇ ਸਾਰੇ ਡਬੇ ਦੇਖ ਮਾਰੇ, ਪਰ ਰਾਣੀ ਨਹੀਂ ਸੀ ਆਈ ਉਸ ਨੇ ਲਿਖਿਆ ਸੀ ਕਿ ਉਹ ਬਾਰਾਂ ਦਸੰਬਰ ਬੁਧਵਾਰ ਫਲਾਇੰਗ ਐਕਸਪ੍ਰੈਸ ਤੇ ਆ ਰਹੀ ਹੈ, ਪਰ ਉਹ ਕਿਉਂ ਨਹੀਂ ਆਈ, ਇਸ ਦਾ ਕਾਰਨ ਮੇਰੀ ਸਮਝ ਵਿਚ ਨਾ ਆ ਸਕਿਆ। ਸ਼ਾਇਦ ਗੱਡੀ

-੭੮-