ਪੰਨਾ:ਨਵੀਨ ਦੁਨੀਆਂ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੇ ਸਾਫ ਸੁਥਰੇ ਪਾਏ ਹੋਏ ਸਨ। ਵਸਟਰ ਦੀ ਸਾਵੇ ਰੰਗ ਦੀ ਪੈਂਟ ਤੇ ਦੁਧ ਵਰਗੇ ਚਿਟੇ ਰੰਗ ਦੀ ਕਮੀਜ਼ ਉਤੇ ਕਾਲੇ ਤੇ ਲਾਲ ਰੰਗ ਦੀ ਟਾਈ ਉਸ ਵੇਲੇ ਬੜੀ ਸੱਜ ਰਹੀ ਸੀ। ਮੇਕ-ਅਪ ਵੀ ਅਜ ਰੋਜ਼ ਨਾਲੋਂ ਕੁਝ ਵਧੇਰੇ ਧਿਆਨ ਤੇ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਹੇਅਰ ਫਿਕਸਰ ਨਾਲ ਦਾਹੜੀ ਵੀ ਸੋਹਣੀ ਪ੍ਰੈਸ ਕੀਤੀ ਹੋਈ ਸੀ ਤੇ ਚੀਚੀ ਉਂਗਲ ਦੇ ਵਧੇ ਹੋਏ ਨਹੁੰ ਦੇ ਉਤੇ ਸ਼ਾਇਦ ਕਿਊਟਕਸ ਦੀ ਨੇਲ ਪਾਲਿਸ਼ ਲਾਈ ਗਈ ਸੀ। ਮਲੂਮ ਹੁੰਦਾ ਸੀ ਅਜ ਪੱਗ ਬੰਨਣ ਵਿਚ ਪਹਿਲੇ ਸਭ ਰੀਕਾਰਡ ਮਾਤ ਪਾ ਦਿਤੇ ਸਨ। ਪੈਰਾਂ ਵਿਚ ਰਬੜ ਸੋਲ ਦੀ ਵਾਈਟ ਰੰਗ ਦੀ ਚਪਲ ਸ਼ਾਇਦ ਉਸਨੇ ਅਜ ਹੀ ਨਵੀਂ ਪਾਈ ਹੋਈ ਜਾਪਦੀ ਸੀ। ਫੁਲਦਾਰ ਲੇਡੀ ਰੁਮਾਲ ਉਸਦੇ ਹਥ ਵਿਚ ਇਦਾਂ ਝੂਲ ਰਿਹਾ ਸੀ ਜਿਵੇਂ ਗੁਲਾਬ ਦੇ ਬੂਟੇ ਤੇ ਲਾਲ ਗੂੜੇ ਰੰਗ ਦਾ ਖਿੜਿਆ ਗੁਲਾਬ ਦਾ ਫੁਲ। ਗੁਟ ਤੇ ਲਗੀ ਘੜੀ ਦਿਲ ਦੀ ਧੜਕਣ ਦਾ ਸਾਥ ਦੇਂਦੀ ਦਬਾ ਦਬਾ ਟਿਕ ਟਿਕ ਕਰ ਰਹੀ ਸੀ,

ਹੌਲੇ ਹੌਲੇ ਤੁਰਦਾ ਮਨਜੀਤ ਗੁੰਬਦ ਦੇ ਕੋਲ ਪਹੁੰਚ ਗਿਆ ਤੇ ਫਿਰ ਖਬੇ ਪਾਸੇ ਨੂੰ ਮੁੜਕੇ ਅੰਮ੍ਰਿਤਸਰ ਕਲਬ ਦੇ ਵਡੇ ਦਰਵਾਜ਼ੇ ਕੋਲੋਂ ਦੀ ਉਹ ਲੰਘ ਰਿਹਾ ਸੀ। ਪੰਜ ਸਤ ਕਦਮ ਹੋਰ ਅਗੇ ਨੂੰ ਜਾਕੇ ਉਹ ਸਜੇ ਪਾਸੇ ਇਕ ਪਲਾਟ ਵਿਚ ਦਾਖਲ ਹੋਇਆ। ਬੜੀ ਬੇ-ਕਰਾਰੀ ਨਾਲ ਇਧਰ ਉਧਰ ਅਰਥਾਤ ਚਾਰੇ ਪਾਸੇ ਨਜ਼ਰ ਦੁੜਾਈ, ਚੰਬੇ ਦੇ ਬੂਟੇ ਲਾਗੇ ਸੰਗ ਮਰਮਰ ਦੇ ਚਿਟੇ ਦੁਧ ਵਰਗੇ ਬੈਂਚ ਤੇ ਉਸ ਨੂੰ ਕੋਈ ਰੰਗ-ਬਰੰਗੇ ਕਪੜੇ ਪਾਈ ਬੈਠਾ ਨਜ਼ਰ ਆਇਆ। ਉਸ ਬੈਠਣ ਵਾਲੀ ਦੇ ਸੂਟ ਦਾ ਰੰਗ ਹਲਕਾ ਕਾਸ਼ਨੀ ਸੀ ਤੇ ਚੁੰਨੀ ਕੁਝ ਕੁਝ ਗੂੜੇ ਰੰਗ ਦੀ ਜਾਪਦੀ ਸੀ। ਮਨਜੀਤ ਨੇ ਘੜੀ ਵਲ ਤਕਿਆ ਸਾਢੇ ਛੇ ਵਜਣ ਵਿਚ ਸਤ ਮਿੰਟ ਬਾਕੀ ਸਨ। ਉਹ ਦਰਵਾਜ਼ੇ ਕੋਲੋਂ ਦੀ ਸਾਹਮਣੇ ਸੰਗ ਮਰਮਰ ਦੇ ਬੈਂਚ ਵਲ ਵਧਿਆ, ਦਿਲ ਉਸਦਾ ਜ਼ੋਰ ੨ ਨਾਲ ਧੜਕਣ ਲਗ ਪਿਆ।

-੧੮੩-