ਪੰਨਾ:ਨਵੀਨ ਦੁਨੀਆਂ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦਾ ਹਾਂ......।' ਮਨਸੂਰ ਜਿਹੜਾ ਬਿਲਕੁਲ ਵਿਆਹ ਦੇ ਹੱਕ ਵਿਚ ਨਹੀਂ ਸੀ, ਕਹਿ ਰਿਹਾ ਸੀ। ਉਸ ਨੂੰ ਯਾਦ ਸੀ ਜਦ ਉਸ ਦੀ ਮਾਂ ਲੱਖ ਮਿੰਨਤਾਂ ਕਰ ਕਰਾ ਕੇ ਉਸ ਨੂੰ ਵਿਆਹ ਲਈ ਮਨਾਇਆ ਕਰਦੀ ਸੀ। ਉਹ ਕੱਦੀ ਨਹੀਂ ਸੀ ਮੰਨਿਆ ਤੇ ਹੁਣ ਜਦ ਉਹ ਆਪ ਸਾਂਵਰੀ ਦੀ ਮੰਗ ਕਰ ਰਿਹਾ ਸੀ ਤਾਂ ਉਸ ਦੀ ਮਾਂ ਗਦ ਗਦ ਹੋ ਰਹੀ ਸੀ।

‘ਮੈਂ ਸਦਕੇ ਆਂ ਚੰਨ......ਦਸ ਕਦ ਮੇਰੀ ਸਾਂਵਰੀ ਘਰ ਲਿਆਏਂਗਾ।' ਮਾਂ ਨੇ ਗਲ ਨਾਲ ਘੁੱਟਦਿਆਂ ਮਨਸੂਰ ਨੂੰ ਪੁੱਛਿਆ। ਉਹ ਲਜਿੱਤ ਜੇਹਾ ਹੋ ਰਿਹਾ ਸੀ।

‘ਮਾਂ......ਤੇ ਉਹ ਮੁਸਕੁਰਾ ਰਿਹਾ ਸੀ ।

‘ਦਸ ਬੱਚਾ......।’ ਮਾਂ ਵੀ ਮੁਸਕੁਰਾਈ। ਮਨਸੂਰ ਨੂੰ ਇਕ ਗਲ ਵਾਰ ਵਾਰ ਤੜਪਾ ਰਹੀ ਸੀ। ਉਹ ਕੁਝ ਪੁੱਛਣਾ ਚਾਹੁੰਦਾ ਸੀ, ਪਰ ਗੱਲ ਉਸ ਦੀ ਜ਼ਬਾਨ ਤੇ ਨਹੀਂ ਸੀ ਆਉਂਦੀ, ਤੇ ਹੁਣ ਜਦ ਉਸ ਨੇ ਗੱਲ ਦਾ ਰੁਖ ਬਦਲਾਂਦਿਆਂ ਪੁੱਛਣਾ ਚਾਹਿਆ ਤਾਂ ਉਸ ਨੇ ਸਾਰਾ ਕੁਝ ਮਾਂ ਅਗੇ ਕਹਿ ਦਿੱਤਾ।

‘ਦਸਾਂਗਾ......ਮੈਂ ਕੌਣ ਹਾਂ......ਕੀ ਹਾਂ?' ਮਨਸੂਰ ਦਾ ਗੰਭੀਰ ਚਿਹਰਾ ਵੇਖ ਕੇ ਮਾਂ ਸਮਝ ਗਈ ਉਸ ਜਾਣ ਬੁੱਝ ਕੇ ਮਨਸੂਰ ਨੂੰ ਫਿਰ ਪੁੱਛਿਆ।

'ਤੇਰਾ ਕੀ ਮਤਲਬ ਏ ਮਨਸੂਰ......।'

‘ਮੈਂ ਕੌਣ ਹਾਂ...... ਕਿਸ ਦਾ ਬੱਚਾ ਹਾਂ?' ਮਨਸੂਰ ਦੇ ਬੋਲਾਂ ਨੇ ਮਾਂ ਦੇ ਸੀਨੇ ਤੇ ਸੱਟ ਜੇਹੀ ਮਾਰੀ।

‘ਤੂੰ......ਤੂੰ? ਮੈਂ ਕਿਵੇਂ ਛੁਪਾਵਾਂ ਬੱਚਾ......ਤੂੰ ਇਕ ਡਾਕੂ ਦਾ ਪੁੱਤ੍ਰ ਏਂ।” ਮਾਂ ਰੋ ਪਈ।

‘ਡਾਕੂ......?’

‘ਹਾਂ......ਉਹ ਜਿਹੜਾ ਤੇਰਾ ਮੂੰਹ ਵੀ ਨਹੀਂ ਵੇਖ ਸਕਿਆ, ਬਦਨਸੀਬ ਬਾਪੂ......ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ

-੧੪੧-