ਪੰਨਾ:ਨਵੀਨ ਦੁਨੀਆਂ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸਿਆਣੇ ਜੇਹੇ ਬਜ਼ੁਰਗ ਨੇ ਕਿਹਾ।

'ਇਹ ਰਿਸ਼ਤਾ ਹੋਏਗਾ......।'

'ਕਦੇ ਨਹੀਂ......ਡਾਕੂ ਦਾ ਪੁਤ੍ਰ ਸਾਡੇ ਇਲਾਕੇ ਦੀ ਕੁੜੀ ਕਦੇ ਨਹੀਂ ਵਿਆਹੇਗਾ।'

'ਤੁਸੀਂ ਜਿੱਦ ਨਾ ਕਰੋ......ਕੁਦਰਤ ਨੂੰ ਇਹੀ ਚੰਗਾ ਲਗਦਾ ਏ। ਇਕ ਬੀਬੇ ਜੇਹੇ ਮੂੰਹ ਵਿਚੋਂ ਨਿਕਲਿਆ। ਅਤੇ ਇਵੇਂ ਹੀ ਰੌਲਾ ਵਧਦਾ ਵਧਦਾ ਲੜਾਈ ਦਾ ਰੂਪ ਅਖਤਿਆਰ ਕਰ ਗਿਆ। ਇਕ ਪਾਸੇ ਸਮਾਜ ਦੇ ਠੇਕੇਦਾਰ ਸ਼ੈਤਾਨ, ਆਪਣੇ ਆਪ ਨੂੰ ਚੰਗੇ ਬਾਪੂਆਂ ਦੇ ਪੁਤ੍ਰ ਅਖਵਾਣ ਵਾਲੇ ਚੰਗੇ ਖਾਨਦਾਨੀ, ਪਰ ਸ਼ੋਹਦੇ ਸਨ ਅਤੇ ਦੂਜੇ ਪਾਸੇ ਗਰੀਬ, ਅਣਖੀਲੇ, ਬੁਰੇ ਅਖਵਾਣ ਵਾਲੇ ਪਰ ਸ਼ਰੀਫ, ਹੱਕ ਦੀ ਲੜਾਈ ਲੜਨ ਵਾਲੇ, ਇਨਸਾਫ ਦੇ ਪੁਤਲੇ ਸਨ। ਲੜਾਈ, ਜ਼ਬਾਨ ਦੀ ਸਟੇਜ ਤੋਂ ਉਤਰ ਕੇ ਖਤਰਨਾਕ ਰੂਪ ਧਾਰ ਰਹੀ ਸੀ। ਧੀਰਜ ਮੱਲ ਦੀ ਆਤਮਾ ਤੇ ਇਕ ਹੋਰ ਦਰਦ ਤੜਪ ਉਠਿਆ।

‘ਆਹ.....ਇੱਜ਼ਤ.....ਮਿੱਟੀ ਉਡ ਗਈ ਏ......। ਹੇ ਪ੍ਰਭੂ! ਤੂੰ ਸਾਨੂੰ ਸਾਂਵਰੀ ਕਿਉਂ ਦਿਤੀ? ਇਸ ਹੋਂਦ ਤੋਂ ਪਹਿਲਾਂ ਤੇਰੇ ਹੱਥ ਕਿਉਂ ਨਾ ਰੁਕੇ, ਤੇਰੀ ਪ੍ਰਿਥਵੀ ਤੇ ਭੂਚਾਲ ਕਿਉਂ ਨਾ ਆਇਆ? ਧਰਤੀ ਤੇ ਆਕਾਸ਼ ਟਕਰਾਏ ਕਿਉਂ ਨਾ? ਸਾਂਵਰੀ ਦੀ ਆਮਦ ਤੋਂ ਪਹਿਲਾਂ ਉਸ ਦੀ ਮਾਂ ਕਿਉਂ ਨਾ ਮਰ ਗਈ......ਜੇ ਇਹ ਕੁਛ ਨਹੀਂ ਸੀ ਹੋ ਸਕਦਾ ਤਾਂ ਕੀ ਓਏ ਰੱਬਾ ਤੇਰੇ ਪਾਸ ਸਾਂਵਰੀ ਲਈ ਮੌਤ ਵੀ ਹੈ ਨਹੀਂ ਸੀ? ਓ ਪੱਥਰ! ਤੈਨੂੰ ਰਹਿਮ ਕਿਉਂ ਨਾ ਆਇਆ?' ਉਹ ਕੰਬ ਰਿਹਾ ਸੀ, ਉਸ ਦਾ ਚਿਹਰਾ ਗਮ ਦੀ ਮੂਰਤ ਸੀ, ਉਸ ਦੀਆਂ ਅੱਖਾਂ ਵਿਚ ਤਾਹਨੇ ਸਨ ਰੱਬ ਲਈ, ਨਫਰਤ ਸੀ ਉਸ ਦੀ ਦੁਨੀਆਂ ਲਈ। ਉਹ ਨਿਰਬਲ ਸੀ,

-੧੩੬-