ਪੰਨਾ:ਨਵੀਨ ਦੁਨੀਆਂ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈਰਾਨੀ ਭਰੀ ਆਸ ਦਾ ਜਾਦੂ ਸਾਰਿਆਂ ਦਿਲਾਂ ਤੇ ਹੋਇਆ। ਹੰਝੂ ਥੰਮ੍ਹ ਗਏ, ਹਾਵੇ ਰੁਕ ਗਏ, ਘਬਰਾਹਟਾਂ ਮਿਟ ਗਈਆਂ, ਡਰ ਧੋਤੇ ਗਏ, ਪਰ......ਪਰ।

‘ਕੌ......ਣ......ਕੌਣ.....ਮਨਸੂਰ' ਧੀਰਜ ਮੱਲ ਨੇ ਹੈਰਾਨ ਹੋ ਕੇ ਅੱਖਾਂ ਪੂੰਝਦਿਆਂ ਕਿਹਾ।

'ਹਾਂ......ਬਾਪੂ! ਨਿਰਮਾਣਾ ਮਨਸੂਰ।'

‘ਸਾਡੇ ਇਲਾਕੇ ਦਾ ਕਵੀ......' ਧੀਰਜ ਮੱਲ ਨੇ ਉਸ ਨੂੰ ਕਲਾਵੇ ਵਿਚ ਭਰ ਲਿਆ।

‘......' ਮਨਸੂਰ ਚੁਪ ਰਿਹਾ।

'ਓਏ ਮਨਸੂਰ......ਓਏ ਤੂੰ?' ਉਹ ਬੁਢਾ ਬਾਬਾ ਜਿਹੜਾ ਹੁਣੇ ਅਜੇ ਰਸਤੇ ਵਿਚ ਇਸ ਨਾਲ ਗਲਾਂ ਕਰਦਾ ਆਇਆ ਸੀ, 'ਓਏ ਮੈਂ ਤਾਂ ਤੈਨੂੰ ਪਛਾਣਿਆ ਹੀ ਨਾ।'

‘ਬਾਬਾ......।’ ਮਨਸੂਰ ਨੇ ਹੋਰ ਕੁਝ ਨਾ ਕਿਹਾ।

ਸਾਰੀ ਭੀੜ ਵਿਚ ਚਰਚਾ ਜੇਹੀ ਛਿੜ ਪਈ। ਕਿਸੇ ਦੀ ਕੋਈ ਵਿਚਾਰ ਸੀ ਅਤੇ ਕਿਸੇ ਦੀ ਕੋਈ। ਕਈਆਂ ਦੀ ਜ਼ਬਾਨ ਤੇ ਮਨਸੂਰ ਦੀ ਕੁਰਬਾਨੀ ਦੀ ਸਿਫਤ ਸੀ ਅਤੇ ਕਈਆਂ ਦਾ ਦਿਲ ਸੜ ਉਠਿਆ ਸੀ।

‘ਮਨਸੂਰ, ਡਾਕੂ ਦਾ ਲੜਕਾ......' ਭੀੜ 'ਚੋਂ ਇਕ ਨੇ ਕਿਹਾ।

‘ਡਾਕੂ ਦਾ ਲੜਕਾ...... ਇਹ ਰਿਸ਼ਤਾ ਕਦੇ ਨਹੀਂ ਹੋਣ ਦੇਣਾ।'

ਭੀੜ ਚੋਂ ਕਈ ਹੋਰ ਬੋਲੇ।

ਧੀਰਜ ਮੱਲ ਦੇ ਰਸਤੇ ਦਾ ਰੋੜਾ ਨਾ ਬਣੋ ਭਾਈ......।'

-੧੩੫-