ਪੰਨਾ:ਨਵੀਨ ਦੁਨੀਆਂ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਰਾਂ ਆਪਣੀ ਆਪ ਬੀਤੀ ਸੁਣਾਕੇ ਚੁਪ ਹੋ ਗਈ, ਉਸ ਦੀਆਂ ਅਖਾਂ ਵਿਚੋਂ ਅਥਰੂ ਦਿਲਦੇ ਅਰਮਾਨ ਬਣ ਬਣਕੇ ਨਿਕਲ ਰਹੇ ਸਨ। ਉਸ ਦੀਆਂ ਅਖਾਂ ਭਾਰੀਆਂ ਭਾਰੀਆਂ ਲਗ ਰਹੀਆਂ ਸਨ। ਮੈਂ ਕੁਝ ਹੋਰ ਬੋਲਣਾ ਚਾਹੁੰਦਾ ਹੋਇਆ ਵੀ ਨਾ ਬੋਲ ਸਕਿਆ। ਮੈਨੂੰ ਇਸ ਤਰ੍ਹਾਂ ਲਗਾ ਜਿਵੇਂ ਕਿਸੇ ਨੇ ਮੇਰੀ ਜ਼ਬਾਨ ਤੇ ਜੰਦਰਾ ਮਾਰ ਦਿਤਾ ਹੋਵੇ। ਨੂਰਾਂ ਬੁਤ ਬਣਕੇ ਸਾਹਮਣੇ ਦੀਵਾਰ ਵਲ ਵੇਖ ਰਹੀ ਸੀ। ਅੰਤ ਮੈਂ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ, ‘ਮੁਆਫ ਕਰਨਾ, ਮੇਰੇ ਕਾਰਨ ਤੁਹਾਨੂੰ ਬਹੁਤ ਦੁਖ ਹੋਇਆ ਹੈ।'

‘ਕੋਈ ਗਲ ਨਹੀਂ, ਅਸੀਂ ਜੰਮੇ ਹੀ ਦੁਖ ਸਹਿਨ ਲਈ ਹਾਂ।' ਬੇ-ਪ੍ਰਵਾਹੀ ਨਾਲ ਨੂਰਾਂ ਨੇ ਜਵਾਬ ਦਿਤਾ।

ਮੈਂ ਚੁਪ ਹੋ ਗਿਆ। ਹੋਰ ਕਹਿ ਵੀ ਕੀ ਸਕਦਾ ਸਾਂ। ਸਮਾਜ ਦੇ ਜ਼ੁਲਮਾਂ ਨੂੰ ਯਾਦ ਕਰਕੇ ਦੁਖੀ ਹੋ ਰਿਹਾ ਸਾਂ ਕਿ ਅਚਾਨਕ ਨੂਰਾਂ ਬੋਲੀ, ‘ਹੁਣ ਹੋਰ ਕੀ ਚਾਹੁੰਦੇ ਹੋ?'

‘ਕੁਝ ਨਹੀਂ।'

‘ਚਲੋ, ਫੇਰ ਚਲੀਏ?’

‘ਕਿਥੇ?’ ਮੈਂ ਹੈਰਾਨੀ ਨਾਲ ਪੁਛਿਆ

‘ਆਪਣੀ ਆਪਣੀ ਮੰਜ਼ਲ ਵਲ।'

‘ਕੀ ਮਤਲਬ?'

‘ਤੁਸੀਂ ਆਪਣੇ ਘਰ ਜਾਉ ਤੇ ਮੈਂ.......?'

‘ਮੈਂ.....ਕੀ?’ ਮੇਰੇ ਮੂੰਹੋਂ ਇਕ ਦਮ ਨਿਕਲ ਗਿਆ।

‘ਆਪਣੇ ਗਾਹਿਕਾਂ.....’ ਤੇ ਉਸ ਬੇ ਮੂੰਹੋਂ ਬਾਕੀ ਲਫਜ਼ ਨਾ ਨਿਕਲ ਸਕੇ।

ਤੇ ਨੂਰਾਂ ਨੇ ਆਪਣਾ ਮੂੰਹ ਆਪਣੀਆਂ ਬਾਹਾਂ ਵਿਚ ਲੁਕਾ ਲਿਆ।

“ਪ੍ਰੀਤ”

-੧੩੦-