ਪੰਨਾ:ਨਵੀਨ ਦੁਨੀਆਂ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਤੁਹਾਡੀ ਆਪ-ਬੀਤੀ।'

‘ਕੀ ਕਰੋਗੇ ਸੁਣਕੇ?'

ਮੈਂ ਚੁਪ ਹੋ ਗਿਆ, ਜਵਾਬ ਵੀ ਕੀ ਦੇ ਸਕਦਾ ਸਾਂ। ਮੈਨੂੰ ਚੁਪ ਵੇਖਕੇ ਬੋਲੀ, ‘ਚੰਗਾ, ਜੇ ਤੁਸਾਂ ਨੇ ਮੇਰੇ ਨਾਸੂਰ ਨੂੰ ਮੁਢ ਤੋਂ ਖੁਰਚਨ ਦਾ ਪੱਕਾ ਨਿਸਚਾ ਕਰ ਹੀ ਲਿਆ ਹੈ ਤਾਂ ਮੇਰੀ ਆਪ-ਬੀਤੀ ਸੁਣਨ ਲਈ ਤਿਆਰ ਹੋ ਜਾਉ' ਤੇ ਨੂਰਾਂ ਦੀਵਾਰ ਨਾਲ ਢਾਹਸਨਾ ਲਾਕੇ ਬੋਲੀ,

‘ਮੇਰੀ ਮਾਂ ਇਕ ਵੇਸਵਾ ਸੀ, ਮੈਨੂੰ ਆਪਣੇ ਪਿਤਾ ਬਾਰੇ ਕੋਈ ਪਤਾ ਨਹੀਂ ਤੇ ਨਾ ਹੀ ਮੈਨੂੰ ਆਪਣੀ ਮਾਂ ਦੇ ਵੇਸਵਾ ਬਣਨ ਦਾ ਕੋਈ ਕਾਰਨ ਪਤਾ ਹੈ। ਮੇਰੀ ਮਾਂ ਮੈਨੂੰ ਹਮੇਸ਼ਾ ਆਪਣੇ ਕੋਲੋਂ ਦੂਰ ਰਖਦੀ।

ਦਿਨ ਬੀਤਦੇ ਗਏ ਤੇ ਅੰਤ ਉਹ ਦਿਨ ਵੀ ਆ ਗਿਆ ਜੋ ਹਰ ਇਨਸਾਨ ਨੂੰ ਵੇਖਣਾ ਪੈਂਦਾ ਹੈ। ਮੇਰੀ ਮਾਂ ਮਰਨ ਕਿਨਾਰੇ ਪਈ ਸੀ। ਉਸ ਦੀ ਮੌਤ ਕਿਸ ਭਿਆਨਕ ਤਰੀਕੇ ਨਾਲ ਹੋਈ, ਖੁੱਦਾ ਕਿਸੇ ਨੂੰ ਅਜੇਹੀ ਮੌਤ ਨਾ ਮਾਰੇ। ਹਾਂ, ਮਾਂ ਨੇ ਮੈਨੂੰ ਮਰਦੀ ਵਾਰ ਨਸੀਅਤ ਕੀਤੀ ‘ਬੇਟੀ ਮੈਂ ਜਾ ਰਹੀ ਹਾਂ, ਜਿਥੋਂ ਮੈਂ ਮੁੜਕੇ ਵਾਪਸ ਨਹੀਂ ਆਉਣਾ, ਪਰ ਮੇਰੀ ਇਕ ਗਲ ਜਰੂਰ ਯਾਦ ਰਖੀਂ ਕਦੀ ਭੁਲ ਕੇ ਵੀ ਮੇਰੇ ਵਾਲੇ ਪੇਸ਼ੇ ਵਲ ਤਕ ਕੇ ਵੀ ਨਾ ਵੇਖੀਂ। ਇਸ ਰਾਹ ਵਿਚ ਤਬਾਹੀ ਤੋਂ ਬਿਨਾਂ ਕੁਝ ਵੀ ਨਹੀਂ। ਇਸ ਪੰਧ ਵਿਚ ਆਪਣੇ ਪੈਰ ਆਪ ਕੁਹਾੜਾ ਮਾਰਨ ਵਾਲੀ ਗਲ ਹੈ, ਅਛਾ ਬੇਟੀ ਅਲਾ ਤੇਰੀ......' ਤੇ ਮਾਂ ਨੇ ਸਦਾ ਲਈ ਅਖਾਂ ਮੀਟ ਲਿਤੀਆਂ।

ਮਾਂ ਦੀ ਮੌਤ ਤੋਂ ਕੁਝ ਦਿਨਾਂ ਬਾਦ ਮੈਂ ਘਰ ਦਾ ਸਭ ਕੁਝ ਵੇਚ ਵਟ ਕੇ ਦੂਜੀ ਗਲੀ ਵਿਚ ਕਰਾਏ ਤੇ ਇਕ ਕਮਰਾ ਲੈ ਲਿਆ ਤੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕੀਤਾ।'

-੧੨੭-