ਪੰਨਾ:ਨਵੀਨ ਦੁਨੀਆਂ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰਿਆ ਜਾ ਰਿਹਾ ਸੀ।

ਨੰਦੂ ਨੂੰ ਜੁਰਮਾਨਾ ਅਤੇ ਕੈਦ ਸੁਣਾਈ ਗਈ। ਉਸ ਦੇ ਭਾ ਦਾ ਹਨ੍ਹੇਰ ਹੋ ਗਿਆ। ਉਸ ਦੀ ਬਿੱਲੋ ਉਸ ਨੂੰ ਮਿਲਣ ਆਈ। ਜੀਉਂਦੇ ਪਿੰਜਰ ਉਸ ਦੀ ਛਾਤੀ ਨਾਲ ਲਗੇ ਅਤੇ ਜੁਦਾ ਹੋ ਗਏ। ਉਸਦੀ ਮੁਟਿਆਰ ਕੁੜੀ, ਉਸ ਨੂੰ ਰੋ ਰੋ ਕੇ ਮਿਲੀ। ਨਿਖੜਨ ਸਮੇਂ ਨੰਦੂ ਨੇ ਆਪਣੀ ਸਾਥਣ ਨੂੰ ਕੁਝ ਕਿਹਾ। ਉਹ ਫਿਰ ਰੋ ਪਈ।

‘ਇਥੇ ਸਾਡਾ ਰਾਜ ਨਹੀਂ ਬਿੱਲੋ, ਹਕੂਮਤ ਦਾ ਕਹਿਆ ਮੰਨਣਾ ਪਊਗਾ। ਜੁਰਮਾਨਾ ਨਾ ਦਿਆਂਗੇ ਤਾਂ ਕੈਦ ਹੋਰ ਸੁਣਾ ਦੇਣਗੇ......ਮੈਂ ਜੋ ਕਿਹਾ ਮੰਨ ਲੈ।' ਨੰਦੂ ਨੇ ਜ਼ਰਾ ਹੌਲੇ ਜੇਹੇ ਕਿਹਾ।

'ਮੈਂ ਜੋ ਕਿਹਾ ਮੰਨ ਲੈ......।' ਬਿੱਲੋ ਨੇ ਵੀ ਹੌਲੀ ਜੇਹਾ ਕਿਹਾ ਅਤੇ ਤੁਰ ਪਈ। ਪਿੱਛੇ ਪਿੱਛੇ ਉਸ ਦੀ ਲੜਕੀ ਵੀ ਤੁਰ ਪਈ। ਨੰਦੂ ਸੀਖਾਂ ਪਿੱਛੇ ਡਕਿਆ ਤਕਦੀਰ ਦੇ ਘੜੇ ਹੋਏ ਬੁੱਤ ਤੁਰੇ ਜਾਂਦੇ ਵੇਖ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਪਰ ਓਹ ਹੱਸ ਪਿਆ। ਉਸਨੂੰ ਆਪਣੀ ਲੜਕੀ ਦੀ ਮੌਤ ਯਾਦ ਆਗਈ ਉਹ ਹੋਰ ਹੱਸਿਆ। ‘ਚਲੋ ਲਾਡੋ ਤਾਂ ਦੁਖਾਂ ਤੋਂ ਛੁਟਕਾਰਾ ਪਾ ਗਈ। ਵਿਚਾਰੀ ... ... ਉਸ ਦੇ ਚਾਰ ਪੈਸੇ ਪਤਾ ਨਹੀਂ ਕਿੱਥੇ ਡਿਗ ਪਏ ਹੋਣਗੇ।” ਉਹ ਸੋਚਣ ਲਗ ਪਿਆ। ਬਿਲੋ ਹੁਣੀ ਹੁਣ ਅੱਖੀਆਂ ਤੋਂ ਉਹਲੇ ਹੋ ਗਈਆਂ ਸਨ। ਪਰ ਫਿਰ ਵੀ ਉਸ ਨੂੰ ਜਾਪਿਆ ਜਿਵੇਂ ਬਿਲੋ ਉਸ ਵੱਲ ਘੂਰ ਘੂਰ ਕੇ ਤੱਕ ਰਹੀ ਹੈ।

“ਇੰਜ ਨਾ ਤਕ ਬਿੱਲੀਏ ... ... ਕੁੜੀ ਦਾ ਵਪਾਰ ਕਿਤੇ ਨਹੀਂ ਤੈਨੂੰ ਡੋਬ ਦਿੰਦਾ ... ... ਅਸੀਂ ਕਦੋਂ ਦੇ ਮਰ ਚੁਕੇ ਹਾਂ ਗਰੀਬ ਵੀ ਕਦੀ ਜੀਊਂਦੇ ਦੇਖੇ ਈ ਕਮਲੀਏ, ਤੁਰੇ ਫਿਰਦੇ ਸਰੀਰ ਈ ਤਾਂ ਨਿਰੇ ਜੀਊਂਦੇ ਨਹੀਂ ਅਖਵਾ ਸਕਦੇ ਅਣਖ ਵਿਚ ਜੀਵਨ ਹੁੰਦਾ ਏ।

-੧੧੫--