ਪੰਨਾ:ਨਵੀਨ ਦੁਨੀਆਂ.pdf/105

ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਸੀ।

'ਅਛਾ ਰਾਜ ਪਰਸੋਂ।' ਤੇ ਮੈਂ ਆਪਣੇ ਕੰਮ ਚਲਾ ਗਿਆ।

ਪਰ ਰਾਜ ਮੈਨੂੰ ਨੀਯਤ ਦਿਨ ਕੰਪਨੀ ਬਾਗ ਨਾ ਮਿਲੀ। ਉਸ ਨੂੰ ਬੜਾ ਲੱਭਿਆ, ਪਰ ਕੁਝ ਪਤਾ ਨਾ ਲਗ। ਉਸ ਦੇ ਨਾ ਆਉਣ ਦਾ ਕਾਰਨ ਮੇਰੀ ਸਮਝ ਵਿਚ ਨਾ ਆ ਸਕਿਆ। ਮੇਰੇ ਦਿਮਾਗ ਵਿਚ ਵੰਨ-ਸੁ-ਵੰਨੇ ਖਿਆਲ ਪੈਦਾ ਹੋਣ ਲਗ ਪਏ। ਕਿਧਰੇ ਉਸ ਦੇ ਮਨ ਵਿਚ ਹੋਰਨਾਂ ਅਮੀਰਾਂ ਵਾਂਗ ਮੇਰੇ ਬਾਰੇ ਵੀ ਕੋਈ ਗਲਤ ਫਹਿਮੀ ਨਾ ਪੈ ਗਈ ਹੋਵੇ, ਸ਼ਾਇਦ ਉਹ ਬੀਮਾਰ ਹੋ ਗਈ ਹੋਵੇ, ਕਿਸੇ ਮੁਸੀਬਤ ਵਿਚ ਨਾ ਫਸ ਗਈ ਹੋਵੇ ਤੇ ਹੋ ਸਕਦਾ ਹੈ ਉਹ ਕਿਸੇ ਦੇ ਜਾਲ ਵਿਚ ਫਸ ਗਈ ਹੋਵੇ। ਫਿਰ ਖਿਆਲ ਆਇਆ ਇਹਨਾਂ ਲੋਕਾਂ ਦਾ ਕੀ ਹੈ, ਕਿਸੇ ਦੀ ਨੇਕੀ ਨੂੰ ਸਮਝਦੇ ਹੀ ਨਹੀਂ, ਸਾਰੇ ਮੰਗਤੇ ਹੁੰਦੇ ਹੀ ਇਸ ਤਰਾਂ ਦੇ ਨੇ। ਪਰ ਮੇਰਾ ਦਿਲ ਮੇਰੇ ਨਾਲ ਸਹਿਮਤ ਨਹੀਂ ਸੀ, ਮੈਨੂੰ ਇਸ ਤਰਾਂ ਮਹਿਸੂਸ ਹੁੰਦਾ ਜਿਵੇਂ ਰਾਜ ਕਿਸੇ ਵਡੀ ਮੁਸੀਬਤ ਵਿਚ ਹੋਵੇ, ਉਹ ਮਦਦ ਲਈ ਮੈਨੂੰ ਪੁਕਾਰ ਰਹੀ ਹੋਵੇ। ਅੰਤ ਕਾਫੀ ਅਸਫਲ ਢੂੰਡ ਤੋਂ ਬਾਦ ਮੈਂ ਵਾਪਸ ਆ ਗਿਆ।

ਮੈਂ ਹਰ ਰੋਜ਼ ਕੰਪਨੀ ਬਾਗ ਜਾਣਾ ਸ਼ੁਰੂ ਕਰ ਦਿਤਾ। ਰੋਜ਼ ਘੰਟਾ ਦੋ ਘੰਟੇ ਉਸ ਦੀ ਭਾਲ ਕਰਦਾ, ਪਰ ਨਿਰਾਸਤਾ ਤੋਂ ਬਿਨਾਂ ਕੁਝ ਵੀ ਹਾਸਲ ਨਾ ਹੁੰਦਾ। ਮੈਂ ਸ਼ਹਿਰ ਵਿਚ ਵੀ ਉਸ ਦੀ ਭਾਲ ਕੀਤੀ, ਪਰ ਮਲੂਮ ਹੁੰਦਾ ਸੀ ਕਿ ਅਸਫਲਤਾ ਨੇ ਹਰ ਥਾਂ ਸਾਥ ਦੇਣ ਦੀ ਸੌਂਹ ਖਾਧੀ ਹੋਈ ਸੀ। ਇਸ ਢੂੰਡ ਵਿਚ ਕੁਝ ਦਿਨ ਲੰਘ ਗਏ ਤੇ ਆਖਰ ਇਕ ਦਿਨ ਰਾਜ ਮੈਨੂੰ ਕੰਪਨੀ ਬਾਗ ਮਿਲ ਹੀ ਪਈ। ਹੁਣ ਉਸ ਦੀ ਹਾਲਤ ਪਹਿਲੇ ਨਾਲੋਂ ਵੀ ਭੈੜੀ ਸੀ। ਕਪੜੇ ਮੈਲੇ, ਵਾਲ ਖਿਲਰੇ ਹੋਏ ਜਿਵੇਂ ਕੰਘੀ ਕੀਤੀ ਨੂੰ ਕਈ ਸਾਲ ਹੋ ਗਏ ਹੋਣ, ਚਿਹਰੇ ਦਾ ਰੰਗ ਉਡਿਆ ਹੋਇਆ ਤੇ ਸਰੀਰ ਤੇ

-੧੦੪-