ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਛੇਤੀ ਛੇਤੀ ਤੋਰ ਯੱਕੇ ਨੂੰ——
ਮੈਂ ਯਾਰ ਦੀ ਤਰੀਕੀ ਜਾਣਾ।
... ... ...
ਕਾਹਲੀ ਏ ਤਾਂ ਰੇਲ ਚੜ੍ਹ ਜਾ——
ਮੇਰੇ ਯੱਕੇ ਨੇ ਮਟਕ ਨਾਲ ਤੁਰਨਾ।
... ... ...

ਜ਼ਬਾਨੀ ਮਖ਼ੌਲਾਂ ਦਾ ਜ਼ਿਕਰ ਕਰ ਕੇ ਹੁਣ ਆਓ ਪੰਜਾਬੀ ਸਾਹਿੱਤ ਵਿਚ ਹਾਸ-ਰਸ ਨੂੰ ਲੈਂਦੇ ਹਾਂ।

ਸਿਖ ਗੁਰੂਆਂ ਵਿਚ ਚੋਖਾ ਹਾਸ-ਰਸ ਸੀ। ਇਸ ਦੇ ਨਮੂਨੇ ਅਗਲੇ ਕਾਂਡ ਵਿਚ ਦੇਖ ਲੈਣੇ। ਇਨ੍ਹਾਂ ਤੋਂ ਇਲਾਵਾ ਸੁਥਰੇ ਅਤੇ ਜਲ੍ਹਣ ਜੱਟ ਵਰਗੇ ਕਈ ਮੌਜੀ ਭਗਤ ਹੋਏ ਹਨ ਜੋ ਗੱਲਾਂ ਮਖ਼ੌਲ ਵਾਲੀਆਂ ਪਰ ਸਦਾ ਟਿਕਾਣੇ ਦੀਆਂ ਕਰਦੇ ਸਨ।

'ਸੁਥਰਾ ਚਾਲੀ ਮੇਰੀ ਕਹਿੰਦਾ ਹਾਸੇ ਵਿਚ ਲਪੇਟੀ।'
'ਜਲ੍ਹਿਆ! ਰਬ ਦਾ ਕੀ ਪਾਉਣਾ:
ਐਧਰੋਂ ਪੁੱਟਣਾ ਤੇ ਔਧਰ ਲਾਉਣਾ।'
'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ।
ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।'

ਇਨ੍ਹਾਂ ਤੋਂ ਇਲਾਵਾ ਦਮੋਦਰ, ਵਾਰਸ ਸ਼ਾਹ ਆਦਿ ਲਿਖਾਰੀ ਆਪਣੀ ਰਚਨਾ ਵਿਚ ਕਈ ਥਾਈਂ ਹਾਸੇ ਦੀਆਂ ਗੱਲਾਂ ਲਿਖਦੇ ਹਨ। ਦਮੋਦਰ ਵਿਚ ਉਹ ਮੌਜੀ ਤੇ ਖੁਲ੍ਹੀ ਤਬੀਅਤ ਨਹੀਂ ਜੋ ਵਾਰਸ ਸ਼ਾਹ ਦੀ ਸੀ। ਦਮੋਦਰ ਨੇ ਹੀਰ ਦਾ ਕਿੱਸਾ ਉਸ ਵੇਲੇ ਲਿਖਿਆ ਜਦੋਂ ਪੰਜਾਬੀ ਬੋਲੀ ਅਜੇ ਬਹੁਤ ਉੱਨਤੀ ਨਹੀਂ ਸੀ ਕਰ ਚੁਕੀ। ਫੇਰ ਭੀ ਉਸ ਦੀ ਰਚਨਾ ਵਿਚ

ー੨੪ー