ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/172

ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤ

ਉਹ ਕਹਿੰਦੇ ਹਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਬਚਾਉ ਲਈ ਕਰਾਮਾਤ ਕਰਨ ਤੋਂ ਨਾਂਹ ਕਰ ਦਿਤੀ ਸੀ, ਕਿਉਂਕਿ ਹਰੀ ਦੇ ਭਗਤਾਂ ਨੂੰ ਇਹੋ ਜਹੇ ਤਮਾਸ਼ੇ ਕਰਨ ਤੋਂ ਸ਼ਰਮ ਆਉਂਦੀ ਹੈ।

ਤਾਂ ਕੀ ਫਿਰ ਕਰਾਮਾਤ ਹੁੰਦੀ ਹੀ ਨਹੀਂ? ਹੁੰਦੀ ਜ਼ਰੂਰ ਹੈ, ਪਰ ਹੋਰ ਤਰ੍ਹਾਂ ਦੀ।

ਕਰਾਮਾਤ ਉਹ ਹਰਾਨ ਕਰਨ ਵਾਲੀ ਘਟਨਾ ਹੈ ਜਿਸ ਨੂੰ ਵਿਚਾਰ ਜਾਂ ਦਲੀਲ ਨਾਲ ਬਿਆਨ ਨਾ ਕਰ ਸਕੀਏ। ਲੋਕ ਤਾਂ ਕੁਦਰਤ ਦੇ ਆਮ ਵਤੀਰੇ ਤੋਂ ਉਲਟ ਗੱਲਾਂ ਨੂੰ ਕਰਾਮਾਤ ਕਹਿੰਦੇ ਹਨ, ਪਰ ਗੁਰੂ ਨਾਨਕ ਜਹੇ ਅਸਲੀਅਤ ਪਛਾਣਨ ਵਾਲੇ ਹਵਾ, ਪਾਣੀ, ਅੱਗ ਤੇ ਧਰਤੀ ਜਹੀਆਂ ਸਧਾਰਣ ਚੀਜ਼ਾਂ ਨੂੰ ਰੱਬ ਦੀਆਂ ਕਰਾਮਾਤਾਂ ਮੰਨਦੇ ਹਨ।

"ਵਿਸਮਾਦੁ ਪਉਣੁ ਵਿਸਮਾਦੁ ਪਾਣੀ ਸੀ।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।
ਵਿਸਮਾਦੁ ਸਾਦਿ ਲਗਹਿ ਪ੍ਰਾਣੀ।" (ਵਾਰ ਆਸਾ)

ਪਾਣੀ ਕਿਉਂ ਗਿੱਲਾ ਕਰਦਾ ਹੈ? ਅੱਗ ਕਿਉਂ ਸਾੜਦੀ ਤੇ ਭਾਪ ਗੈਸ ਆਦਿ ਪੈਦਾ ਕਰ ਕੇ ਤਰ੍ਹਾਂ ਤਰ੍ਹਾਂ ਦੇ ਕ੍ਰਿਸ਼ਮੇ ਕਰ ਦਸਦੀ ਹੈ? ਮਨੁਖਾਂ ਦੇ ਦਿਲ ਦੇ ਕਿਤਨੇ ਸਵਾਦ ਹਨ! ਇਹ ਕੀਹ ਹਨ? ਕਿਉਂ ਹਨ? ਇਕ ਸੁਹਜ-ਸਵਾਦ ਹੀ ਲਓ । ਰਾਗ ਦਾ ਰਸ ਹੀ ਲਓ। ਇਹ ਕਿਉਂ ਇਤਨੀਆਂ ਖਿੱਚਾਂ ਪੈਦਾ ਕਰਦੇ ਹਨ? ਰੂਹ ਨੂੰ ਕਿਉਂ ਗੁਝੇ ਤਰੀਕੇ ਨਾਲ ਥਰਰਾਉਂਦੇ ਹਨ? ਇਨ੍ਹਾਂ ਗੱਲਾਂ ਦਾ ਜਵਾਬ ਸਾਇੰਸ ਭੀ ਨਹੀਂ ਦੇ ਸਕਦੀ। ਸਾਇੰਸ ਤਾਂ ਕੇਵਲ ਚੀਜ਼ਾਂ ਦੇ ਕੰਮ ਕਰਨ ਦੇ ਤਰੀਕੇ ਦਸਦੀ ਹੈ, ਉਨ੍ਹਾਂ ਚੀਜ਼ਾਂ ਦੀ ਉਤਪਤੀ ਦਾ ਕਾਰਣ ਨਹੀਂ ਦਸ ਸਕਦੀ। ਉਹ 'ਕਿਵੇਂ' ਦਾ ਜਵਾਬ ਦਿੰਦੀ ਹੈ 'ਕਿਉਂ' ਤੇ 'ਕੀਹ' ਦਾ ਨਹੀਂ। ਇਸ ਨੁਕਤੇ ਤੋਂ ਦੇਖੀਏ, ਤਾਂ ਕੁਦਰਤਿ ਆਪ ਇਕ ਮੁਅਜਜ਼ਾ ਹੈ। ਇਸ

ー੧੬੯ー